ਟਰੱਕ ’ਚੋਂ ਭਾਰੀ ਮਾਤਰਾ ’ਚ ਭੁੱਕੀ ਬਰਾਮਦ, ਕਾਰ ਸਣੇ 3 ਕਾਬੂ
ਟਰੱਕ ’ਚੋਂ ਭਾਰੀ ਮਾਤਰਾ 'ਚ ਭੁੱਕੀ ਬਰਾਮਦ,ਕਾਰ ਸਣੇ ਤਿੰਨ ਕਾਬੂ
Publish Date: Sun, 15 Mar 2026 03:44 PM (IST)
Updated Date: Mon, 16 Mar 2026 04:01 AM (IST)

ਨਸ਼ਾ ਸਪਲਾਈ ਕਰਨ ਵਾਲਿਆਂ ’ਤੇ ਵੀ ਜਲਦ ਕਰਾਂਗੇ ਕਾਰਵਾਈ :-ਡੀਐੱਸਪੀ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਚਲਾਈ ਮੁਹਿੰਮ ਤਹਿਤ ਤਪਾ ਪੁਲਿਸ ਵੱਲੋਂ ਇਕ ਟਰੱਕ ਵਿਚੋਂ 2 ਕੁਇੰਟਲ ਭੁੱਕੀ ਸਣੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸੇ ਮਾਮਲੇ ’ਚ ਕਾਰ ਨੂੰ ਵੀ ਆਪਣੇ ਕਬਜ਼ੇ ’ਚ ਲਿਆ ਗਿਆ ਹੈ। ਥਾਣਾ ਤਪਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਤੇ ਥਾਣਾ ਮੁਖੀ ਸ਼ਰੀਫ ਖਾਨ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਪੀ(ਡੀ) ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੇ ਚਲਦਿਆਂ ਤਪਾ ਪੁਲਿਸ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਤਪਾ ਤਾਜੋ ਕੈਂਚੀਆਂ ਨਾਕਾ ਲਗਾਇਆ ਹੋਇਆ ਸੀ ਤਾਂ ਮੁੱਖਬਰ ਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਦੋਸ਼ੀ ਸੁਖਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਘੁੰਨਸ ਤੇ ਹੈਪੀ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਘੁੰਨਸ ਜੋ ਕਲੀ ਦੇ ਭਰੇ ਟਰੱਕ ’ਚ ਭੁੱਕੀ ਦੇ ਬੋਰੇ ਲੱਦ ਕੇ ਲਿਆਏ ਹਨ ਤੇ ਮੋਹਣੀ ਪੁੱਤਰ ਬਿੱਲੂ ਸਿੰਘ ਬਾਸੀ ਕਿਲਾ ਪੱਤੀ ਸੈਸੀ ਬਸਤੀ ਹੰਡਿਆਇਆ ਸਣੇ ਜੋ ਢਿੱਲਵਾ ਡਰੇਨ ਨਜ਼ਦੀਕ ਟਰੱਕ ਵਿਚੋਂ ਬੋਰੀਆਂ ’ਚ ਭਰੀ ਹੋਈ ਭੁੱਕੀ ਇਕ ਕਾਰ ’ਚ ਪਲਟੀ ਕਰ ਰਹੇ ਹਨ, ਅਗਰ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਰੇਡ ਕਰਕੇ ਡੀਐੱਸਪੀ ਤਪਾ ਦੀ ਹਾਜ਼ਰੀ ’ਚ ਦੋ ਕੁਇੰਟਲ ਭੁੱਕੀ ਬਰਾਮਦ ਕਰ ਕੇ ਦੋਸ਼ੀਆਂਨ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਤੇ ਨਾਲ ਹੀ ਟਰੱਕ ਤੇ ਕਾਰ ਨੂੰ ਆਪਣੇ ਕਬਜ਼ੇ ਚ ਲਿਆ। ਡੀਐੱਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਦੋਸ਼ੀ ਮੋਹਨੀ ਜਿਸਤੇ ਹੁਣ ਤੱਕ ਵੱਖ-ਵੱਖ ਥਾਣਿਆਂ ਚ ਕੁੱਲ 11 ਮੁਕਦਮੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਉਸ ਤੇ 6 ਐੱਨਡੀਪੀਐੱਸ ਤੇ 5 ਐਕਸਾਈਜ਼ ਦੇ ਮਾਮਲੇ ਦਰਜ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਮੋਹਨੀ ਬਾਹਰੋਂ ਮਾਲ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਆਦੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵੀ ਚਾਚਾ ਭਤੀਜਾ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਪੱਤਰਕਾਰਾਂ ਵੱਲੋਂ ਨਸ਼ਾ ਸਪਲਾਈ ਕਰਨ ਵਾਲਿਆਂ ਤੇ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਕਰਨ ’ਤੇ ਕਿਹਾ ਕਿ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਸਹਾਇਕ ਥਾਣੇਦਾਰ ਨਿੰਦਰਪਾਲ ਕੌਰ, ਮੁੱਖ ਮੁੰਨਸ਼ੀ ਕਮਲ ਕਿਸ਼ੋਰ, ਹੌਲਦਾਰ ਇਕਬਾਲ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।