ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਜੋੜ ਮੇਲਾ ਸ਼ਰਧਾ ਨਾਲ ਮਨਾਇਆ
ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਤਿੰਨ ਰੋਜ਼ਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ
Publish Date: Mon, 23 Feb 2026 05:46 PM (IST)
Updated Date: Tue, 24 Feb 2026 04:05 AM (IST)

1762 ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕੌਮ ਲਈ ਸਦੀਵੀ ਪ੍ਰੇਰਣਾ : ਖਾਲਸਾ, ਘੁੰਨਸ, ਹਮੀਦੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਆਉਂਦੇ ਇਤਿਹਾਸਕ ਪਿੰਡ ਗਹਿਲ ਵਿਖੇ ਸੰਨ 1762 ਦੇ ਵੱਡਾ ਘੱਲੂਘਾਰਾ ’ਚ ਸ਼ਹੀਦ ਹੋਏ ਕਰੀਬ 35 ਹਜ਼ਾਰ ਸਿੰਘ-ਸਿੰਘਣੀਆਂ ਤੇ ਭੁਜੰਗੀਆਂ ਦੀ ਯਾਦ ’ਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸ਼ਰਧਾ ਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਜੋੜ ਮੇਲੇ ਦੌਰਾਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਤਿੰਨੋਂ ਦਿਨ ਅਤੁੱਟ ਲੰਗਰ ਵਰਤਾਇਆ ਗਿਆ। ਸਮਾਗਮ ’ਚ ਵੱਡੀ ਗਿਣਤੀ ’ਚ ਦੂਰੋਂ-ਨੇੜੇ ਤੋਂ ਸੰਗਤ ਨੇ ਹਾਜ਼ਰੀ ਭਰਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਐੱਸਜੀਪੀਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਤੇ ਹਲਕਾ ਮਹਿਲਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ 1762 ਦੇ ਵੱਡੇ ਘੱਲੂਘਾਰੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੀਆਂ ਫੌ਼ਜਾਂ ਨਾਲ ਇਤਿਹਾਸਕ ਧਰਤੀ ਕੋਪਰੀੜਾ ਤੋਂ ਕੁਤਬਾ ਗਹਿਲਾ ਤਕ ਲੜਦਿਆਂ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਸਿੱਖ ਕੌਮ ਦੀ ਅਸਮਿਤਾ ਬਚਾਉਣ ਲਈ ਅਦੁਤੀ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਵਰਗਾ ਇਤਿਹਾਸ ਦੁਨੀਆਂ ’ਚ ਕਿਤੇ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਅੱਜ ਵੀ ਪੰਥ ਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਤੇ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੱਖੀ ਵਿਰਸੇ ਨਾਲ ਜੋੜਿਆ ਜਾਵੇ। ਸਮਾਗਮ ਦੌਰਾਨ ਰਾਗੀ ਭਾਈ ਮਨਜੀਤ ਸਿੰਘ ਗਹਿਲ ਅਤੇ ਤਰਸੇਮ ਸਿੰਘ ਭਦੌੜ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਢਾਡੀ ਬਲਦੇਵ ਸਿੰਘ ਲੌਂਗੋਵਾਲ, ਢਾਡੀ ਬੀਬੀ ਸੁਖਪਾਲ ਕੌਰ ਬਡਬਰ, ਢਾਡੀ ਰਮਨਦੀਪ ਸਿੰਘ ਦੀਵਾਨਾ ਅਤੇ ਕਵੀਸ਼ਰੀ ਜਥਾ ਹਾਕਮ ਸਿੰਘ ਦੀਵਾਨਾ ਨੇ ਵੱਡੇ ਘੱਲੂਘਾਰੇ ਦੇ ਦਰਦਨਾਕ ਅਤੇ ਸ਼ੌਰਯਮਈ ਇਤਿਹਾਸ ਨੂੰ ਰੂਬਰੂ ਕਰਵਾਇਆ। ਕਮੇਟੀ ਦੇ ਮੈਨੇਜਰ ਜਗਦੇਵ ਸਿੰਘ ਸੰਧੂ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸ਼ਖਸੀਅਤਾਂ, ਢਾਡੀ-ਕਵੀਸ਼ਰੀ ਜਥਿਆਂ ਅਤੇ ਸੇਵਾਦਾਰਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਰਜਿੰਦਰ ਪਾਲ ਸਿੰਘ ਪੁਨੀਤ ਮਾਨ, ਹੈਡ ਗ੍ਰੰਥੀ ਸੁਰਜੀਤ ਸਿੰਘ, ਬੂਟਾ ਸਿੰਘ ਇੰਚਾਰਜ, ਸੁਖਪਾਲ ਸਿੰਘ ਕਲਰਕ, ਜਸਵਿੰਦਰ ਸਿੰਘ ਸਟੋਰ ਕੀਪਰ, ਮਨਪ੍ਰੀਤ ਸਿੰਘ ਰਿਕਾਰਡ ਕੀਪਰ, ਦਲਵੀਰ ਸਿੰਘ ਗ੍ਰੰਥੀ, ਸਰਪੰਚ ਬਲਵੀਰ ਸਿੰਘ ਮਾਨ, ਪੰਚ ਅੰਮ੍ਰਿਤਪਾਲ ਦੇਵ ਗੋਲਡੀ, ਗੁਰਜੰਟ ਸਿੰਘ ਗਹਿਲ, ਠੇਕੇਦਾਰ ਬੇਅੰਤ ਸਿੰਘ, ਬੂਟਾ ਸਿੰਘ ਗਹਿਲ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜਥੇਦਾਰ ਰਾਮ ਸਿੰਘ ਗਹਿਲ, ਜਗਦੇਵ ਸਿੰਘ ਸੰਧੂ ਪੰਪ ਵਾਲੇ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਦਸੁੰਦਾ ਸਿੰਘ ਵਾਲਾ, ਮਲਕੀਤ ਸਿੰਘ ਸੰਧੂ, ਗੁਰਜੰਟ ਸਿੰਘ, ਸੁਦਾਗਰ ਸਿੰਘ, ਹਰਜਿੰਦਰ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਅੰਤ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਰੋ-ਨੇੜੇ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਾਨ ਸ਼ਹੀਦਾਂ ਦੀ ਯਾਦ ’ਚ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।