ਮੂਣਕ ਨੇੜੇ ਭਿਆਨਕ ਸੜਕ ਹਾਦਸਾ: ਦੋ ਸਕੇ ਭਰਾਵਾਂ ਦੀ ਮੌਤ, ਇੱਕ ਸਾਲ ਦੇ ਮਾਸੂਮ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
ਪੰਜਾਬ ਦੇ ਮੂਣਕ ਖੇਤਰ ਵਿੱਚ ਅੱਜ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਉਮਰ ਭਰ ਦੇ ਗ਼ਮ ਵਿੱਚ ਬਦਲ ਦਿੱਤਾ ਹੈ। ਦਿੜਬਾ ਮੰਡੀ ਵਿਖੇ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਜਾਖਲ ਨਿਵਾਸੀ ਸੁਖਦਰਸ਼ਨ ਜਿੰਦਲ ਦੇ ਦੋ ਨੌਜਵਾਨ ਪੁੱਤਰਾਂ ਦੀ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Tue, 24 Mar 2026 04:24 PM (IST)
Updated Date: Tue, 24 Mar 2026 04:26 PM (IST)

ਸ਼ੰਭੂ ਗੋਇਲ, ਲਹਿਰਾਗਾਗਾ: ਪੰਜਾਬ ਦੇ ਮੂਣਕ ਖੇਤਰ ਵਿੱਚ ਅੱਜ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਉਮਰ ਭਰ ਦੇ ਗ਼ਮ ਵਿੱਚ ਬਦਲ ਦਿੱਤਾ ਹੈ। ਦਿੜਬਾ ਮੰਡੀ ਵਿਖੇ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਜਾਖਲ ਨਿਵਾਸੀ ਸੁਖਦਰਸ਼ਨ ਜਿੰਦਲ ਦੇ ਦੋ ਨੌਜਵਾਨ ਪੁੱਤਰਾਂ ਦੀ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ, ਵਿਸ਼ਾਲ ਜਿੰਦਲ (30) ਅਤੇ ਹਿਮਾਂਸ਼ੂ ਜਿੰਦਲ (25) ਅੱਜ ਸਵੇਰੇ ਕਰੀਬ 5 ਵਜੇ ਆਪਣੀ ਕਾਰ ਰਾਹੀਂ ਜਾਖਲ ਜਾ ਰਹੇ ਸਨ। ਜਦੋਂ ਉਹ ਮੂਣਕ ਨੇੜਲੇ ਪਿੰਡ ਬੰਗਾ ਵਿਖੇ ਬਿਜਲੀ ਗਰਿੱਡ ਦੇ ਬਿਲਕੁਲ ਸਾਹਮਣੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇੱਕ ਬਰੀਜ਼ਾ ਕਾਰ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੂਜੀ ਕਾਰ ਦਾ ਸਵਾਰ ਰਵਿੰਦਰ ਸਿੰਘ (ਵਾਸੀ ਰਤੀਆ) ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸਨੂੰ ਮੂਣਕ ਦੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਤੋਂ ਬਾਅਦ ਸੰਗਰੂਰ ਰੈਫਰ ਕਰ ਦਿੱਤਾ ਗਿਆ ਹੈ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕਾਂ ਵਿੱਚੋਂ ਵੱਡਾ ਭਰਾ ਵਿਸ਼ਾਲ ਜਿੰਦਲ ਸ਼ਾਦੀਸ਼ੁਦਾ ਸੀ ਅਤੇ ਉਸਦਾ ਮਹਿਜ਼ ਇੱਕ ਸਾਲ ਦਾ ਪੁੱਤਰ ਹੈ, ਜਦਕਿ ਛੋਟਾ ਭਰਾ ਹਿਮਾਂਸ਼ੂ ਅਜੇ ਕੁਆਰਾ ਸੀ। ਇੱਕੋ ਘਰ ਦੇ ਦੋ ਨੌਜਵਾਨ ਚਿਰਾਗਾਂ ਦੇ ਬੁਝ ਜਾਣ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਥਾਣਾ ਮੂਣਕ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਅੱਜ ਸ਼ਾਮ ਕਰੀਬ 3 ਵਜੇ ਦੋਵਾਂ ਭਰਾਵਾਂ ਦਾ ਜੱਦੀ ਸ਼ਹਿਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।