ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਬਾਰੇ ਦਿੱਤੀ ਜਾਣਕਾਰੀ
ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ
Publish Date: Sat, 11 Apr 2026 04:40 PM (IST)
Updated Date: Sun, 12 Apr 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਐੱਸਬੀਐੱਸ ਪਬਲਿਕ ਸਕੂਲ, ਸਰਜੀਤਪੁਰਾ ’ਚ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ, ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਕੂਲ ਦਾ ਮਾਹੌਲ ਪੰਜਾਬੀ ਸਭਿਆਚਾਰ ਦੇ ਰੰਗਾਂ ਨਾਲ ਰੰਗਿਆ ਗਿਆ ਅਤੇ ਹਰ ਪਾਸੇ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਨਰਸਰੀ ਤੋਂ ਲੈ ਕੇ ਸੀਨੀਅਰ ਕੇਜੀ ਤੱਕ ਦੇ ਨੰਨੇ-ਮੁੰਨੇ ਬੱਚਿਆਂ ਨੇ ਭੰਗੜਾ ਪਾ ਕੇ ਸਭ ਦਾ ਮਨ ਮੋਹ ਲਿਆ। ਕਲਾਸ ਪਹਿਲੀ ਤੋ ਤੀਸਰੀ ਤੱਕ ਦੇ ਵਿਦਿਆਰਥੀਆਂ ਨੇ ਸੁੰਦਰ ਕੋਰੀਓਗ੍ਰਾਫੀ ਰਾਹੀਂ ਏਕਤਾ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੱਤਾ। ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਨੇ ਵੱਖ-ਵੱਖ ਗੀਤਾਂ ’ਤੇ ਨਾਚ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਕਲਾਸ ਛੇਵੀ ਤੋਂ ਅੱਠਵੀਂ ਦੇ ਮੁੰਡਿਆਂ ਨੇ ਜੋਸ਼ ਭਰਪੂਰ ਭੰਗੜਾ ਪਾ ਕੇ ਸਭ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਹੀ ਕੁੜੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਪੰਜਾਬੀ ਰਿਵਾਜਾਂ ਅਤੇ ਸਭਿਆਚਾਰ ਦੀ ਸੁੰਦਰ ਝਲਕ ਪੇਸ਼ ਕਰਦਾ ਨਜ਼ਰ ਆਇਆ। ਅੱਠਵੀਂ ਕਲਾਸ ਦੀਆਂ ਕੁੜੀਆਂ ਨੇ ਕਵਿਸ਼ਰੀ ਰਾਹੀਂ ਵਿਸਾਖੀ ਦੇ ਇਤਿਹਾਸ ਅਤੇ ਸਿੱਖੀ ਨਾਲ ਜੁੜੇ ਮੱਤਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ, ਜਿਸ ਦੀ ਸਭ ਨੇ ਖੂਬ ਪ੍ਰਸੰਸਾ ਕੀਤੀ। ਇਸ ਮੌਕੇ ਅਧਿਆਪਕ ਗੁਰਮੇਲ ਸਿੰਘ ਅਤੇ ਬਲਜਿੰਦਰ ਕੌਰ ਨੇ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਦਿਨ ਸਿਰਫ ਫਸਲ ਦੀ ਕਟਾਈ ਦਾ ਤਿਉਹਾਰ ਹੀ ਨਹੀਂ, ਸਗੋਂ ਸਿੱਖ ਇਤਿਹਾਸ ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਨਾਲ ਵੀ ਜੁੜਿਆ ਹੋਇਆ ਹੈ। ਵਾਈਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਨੇ ਆਪਣੇ ਸੰਦੇਸ਼ ’ਚ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਅਤੇ ਟੀਮ ਵਰਕ ਨੂੰ ਵਧਾਉਂਦੇ ਹਨ।