- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਣੇਵਾਲ ਬਰਖਾਸਤਗੀ ਮਾਮਲੇ ’ਤੇ ਹਾਈਕੋਰਟ ਦੀ ਵੱਡੀ ਰਾਹਤ: ਨੈਣੇਵਾਲ ਦੇ ਸਰਪੰਚ ਦੀ ਬਰਖਾਸਤਗੀ ਤੇ ਲੱਗੀ ਰੋਕ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਨੇੜਲੇ ਪਿੰਡ ਨੈਣੇਵਾਲ ਦੇ ਸਰਪੰਚ ਨੂੰ ਬਰਖਾਸਤ ਕਰਨ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਪਿਛਲੇ ਦਿਨੀਂ ਭਦੌੜ ਨੇੜਲੇ ਪਿੰਡ ਨੈਣੇਵਾਲ ਦੇ ਸਰਪੰਚ ਗਗਨਦੀਪ ਸਿੰਘ ਗਗਨ ਧਾਲੀਵਾਲ ਨੂੰ ਕਥਿਤ ਤੌਰ ’ਤੇ ਬਲਾਕ ਸਹਿਣਾ ਦੇ ਬੀਡੀਪੀਓ ਵੱਲੋਂ ਪਿੰਡ ਦੇ ਕੁਝ ਮਾਮਲਿਆਂ ਦੇ ਆਧਾਰ ’ਤੇ ਬਰਖਾਸਤ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਛਿੜ ਗਈ ਸੀ। ਇਸ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਨੂੰ ਘੇਰਦਿਆਂ ਇਸ ਕਾਰਵਾਈ ਨੂੰ ਸਿਆਸੀ ਧੱਕੇਸ਼ਾਹੀ ਕਰਾਰ ਦਿੱਤਾ ਸੀ। ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਬਲਾਕ ਸਹਿਣਾ ਤੋਂ ਹੋਈਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਰਿੰਦਰ ਕੌਰ (ਸਰਪੰਚ ਦੀ ਮਾਤਾ) ਵੱਲੋਂ ਜਿੱਤ ਦਰਜ ਕਰਨ ਤੋਂ ਬਾਅਦ ਹੀ ਸਰਪੰਚ ਗਗਨਦੀਪ ਸਿੰਘ ਨੈਣੇਵਾਲ ਨੂੰ ਸਸਪੈਂਡ ਕਰਨ ਦੀਆਂ ਅਫਵਾਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗ ਪਈਆਂ ਸਨ। ਅਕਾਲੀ ਦਲ ਵੱਲੋਂ ਇਸ ਨੂੰ ਸਰਕਾਰ ਦੀ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਸੀ। ਪਰੰਤੂ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਸਾਹਮਣੇ ਨਹੀਂ ਆਇਆ ਸੀ। ਇਸ ਸਬੰਧੀ ਪਿੰਡ ਨੈਣੇਵਾਲ ਦੇ ਸਰਪੰਚ ਗਗਨਦੀਪ ਸਿੰਘ ਗਗਨ ਨੈਣੇਵਾਲ ਨੇ ਦੱਸਿਆ ਕਿ ਕੁਝ ਮਾਮਲਿਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਉਨ੍ਹਾਂ ਦੀਆਂ ਤਰੀਕਾਂ ਪੈ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਮਾਤਾ ਅਕਾਲੀ ਦਲ ਵੱਲੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਜਿੱਤੀ ਹੈ, ਉਦੋਂ ਤੋਂ ਹੀ ਬਲਾਕ ਸਹਿਣਾ ਵਿਖੇ ਉਨ੍ਹਾਂ ਦੀਆਂ ਤਰੀਕਾਂ ਚੱਲ ਰਹੀਆਂ ਸਨ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਮੌਖਿਕ ਤੌਰ ’ਤੇ ਸਸਪੈਂਡ ਕਰਨ ਦੀ ਗੱਲ ਆਖੀ ਗਈ ਸੀ। ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਇਸ ਸਬੰਧੀ ਲਿਖਤੀ ਨੋਟੀਫਿਕੇਸ਼ਨ ਦੀ ਮੰਗ ਕੀਤੀ ਗਈ ਤਾਂ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਕੀਤਾ ਗਿਆ। ਸਿਰਫ਼ ਇਹ ਕਹਿ ਕੇ ਗੱਲ ਖ਼ਤਮ ਕਰ ਦਿੱਤੀ ਗਈ ਕਿ “ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਇਸ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਬਰਖਾਸਤਗੀ ’ਤੇ ਰੋਕ ਲਗਾ ਦਿੱਤੀ ਹੈ। ਸਰਪੰਚ ਨੇ ਕਿਹਾ ਕਿ ਇਸ ਸਬੰਧੀ ਅਦਾਲਤੀ ਹੁਕਮਾਂ ਦੀ ਕਾਪੀ ਸੋਮਵਾਰ ਤੱਕ ਮਿਲ ਜਾਣ ਦੀ ਉਮੀਦ ਹੈ ਅਤੇ “ਸੱਚ ਦੀ ਜਿੱਤ ਹੋਈ ਹੈ।” ਇਸ ਘਟਨਾਕ੍ਰਮ ਤੋਂ ਬਾਅਦ ਪਿੰਡ ਨੈਣੇਵਾਲ ਸਮੇਤ ਪੂਰੇ ਇਲਾਕੇ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿੱਥੇ ਅਕਾਲੀ ਦਲ ਇਸ ਫ਼ੈਸਲੇ ਨੂੰ ਆਪਣੀ ਨੈਤਿਕ ਜਿੱਤ ਦੱਸ ਰਿਹਾ ਹੈ, ਉਥੇ ਹੀ ਸਰਕਾਰ ਪੱਖੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਮਾਮਲਾ ਹੁਣ ਹਾਈਕੋਰਟ ’ਚ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਸ ’ਤੇ ਹੋਰ ਵੀ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ