ਪਿੰਡ ਸਹੌਰ ’ਚ 25 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰ ਚੋਰੀ
ਮਹਿਲ ਕਲਾਂ ਦੇ ਪਿੰਡ ਸਹੌਰ
Publish Date: Mon, 23 Mar 2026 04:23 PM (IST)
Updated Date: Tue, 24 Mar 2026 03:59 AM (IST)

:: ਰੋਸ ’ਚ ਉੱਠੇ ਕਿਸਾਨ, ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਸਹੌਰ ’ਚ ਲੰਘੀਆਂ ਰਾਤਾਂ ਦੌਰਾਨ ਚੋਰ ਗਰੋਹ ਵੱਲੋਂ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ 25 ਕਿਸਾਨਾਂ ਦੀਆਂ ਖੇਤੀਬਾੜੀ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਕੋਠੀਆਂ ਦੇ ਜਿੰਦਰੇ ਤੋੜ ਕੇ ਸਟਾਰਟਰਾਂ ’ਚੋਂ ਕੇਬਲ ਤਾਰ ਵੱਢ ਕੇ ਚੋਰੀ ਕਰ ਲਏ, ਜਿਸ ਨਾਲ ਪਿੰਡ ’ਚ ਸਹਿਮ ਅਤੇ ਰੋਸ ਦਾ ਮਾਹੌਲ ਬਣ ਗਿਆ ਹੈ। ਪੀੜਤ ਕਿਸਾਨਾਂ ਨੇ ਗ੍ਰਾਮ ਪੰਚਾਇਤ ਦੀ ਹਾਜ਼ਰੀ ’ਚ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਲਖਬੀਰ ਸਿੰਘ ਸਹੌਰ, ਪੰਚ ਭਗਵੰਤ ਸਿੰਘ, ਪੰਚ ਮਲਕੀਤ ਸਿੰਘ ਅਤੇ ਕਿਸਾਨ ਆਗੂ ਗੁਰਮੀਤ ਸਿੰਘ ਸਹੌਰ ਨੇ ਦੱਸਿਆ ਕਿ ਇਹ ਘਟਨਾਵਾਂ ਪਿੰਡ ਸਹੌਰ ਤੋਂ ਗੁਰਦੁਆਰਾ ਜੰਡਸਰ ਰਾਹੀਂ ਮਹਿਲ ਖੁਰਦ ਨੂੰ ਜੋੜਦੀ ਲਿੰਕ ਸੜਕ ਤੇ ਖੇਤਾਂ ਵੱਲ ਜਾਂਦੇ ਕੱਚੇ ਰਸਤੇ ’ਤੇ ਵਾਪਰੀਆਂ। ਉਨ੍ਹਾਂ ਮੁਤਾਬਕ ਚੋਰਾਂ ਵੱਲੋਂ ਵੱਖ-ਵੱਖ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰ ਵੱਢ ਕੇ ਚੋਰੀ ਕੀਤੇ ਗਏ, ਜਿਨ੍ਹਾਂ ’ਚ ਗੁਰਮੀਤ ਸਿੰਘ ਦੀਆਂ ਦੋ ਮੋਟਰਾਂ ਤੋਂ 40 ਫੁੱਟ, ਜੱਗਾ ਸਿੰਘ ਦੀਆਂ ਦੋ ਮੋਟਰਾਂ ਤੋਂ 30 ਫੁੱਟ, ਬਲਰਾਜ ਸਿੰਘ ਤੋਂ 30 ਫੁੱਟ, ਜੋਰਾ ਸਿੰਘ ਤੋਂ 40 ਫੁੱਟ, ਗੁਰਮੀਤ ਸਿੰਘ ਫੌ਼ਜ਼ੀ ਤੋਂ 20 ਫੁੱਟ, ਗੁਰਪ੍ਰੀਤ ਸਿੰਘ ਤੋਂ 30 ਫੁੱਟ, ਬਿੰਦਰ ਸਿੰਘ ਤੋਂ 30 ਫੁੱਟ, ਚਮਕੌਰ ਸਿੰਘ ਤੋਂ 50 ਫੁੱਟ, ਦਰਸ਼ਨ ਸਿੰਘ ਤੋਂ 30 ਫੁੱਟ, ਅਮਰਜੀਤ ਸਿੰਘ ਤੋਂ 50 ਫੁੱਟ ਅਤੇ ਹੋਰ ਅਮਰਜੀਤ ਸਿੰਘ ਤੋਂ 40 ਫੁੱਟ, ਗੁਰਮੇਲ ਸਿੰਘ ਤੋਂ 40 ਫੁੱਟ, ਪੰਡਿਤ ਭਗਵਾਨ ਚੰਦ ਤੋਂ 30 ਫੁੱਟ, ਨਿਰਭੈ ਸਿੰਘ ਤੋਂ 40 ਫੁੱਟ, ਨਾਇਬ ਸਿੰਘ ਦੀਆਂ ਦੋ ਮੋਟਰਾਂ ਤੋਂ 40 ਫੁੱਟ, ਵਰਿਆਮ ਸਿੰਘ ਤੋਂ 40 ਫੁੱਟ, ਸੁਖਵਿੰਦਰ ਸਿੰਘ ਤੋਂ 30 ਫੁੱਟ, ਫੌਜੀ ਮੋਹਲ ਸਿੰਘ ਤੋਂ 30 ਫੁੱਟ, ਦਰਬਾਰਾ ਸਿੰਘ ਤੋਂ 30 ਫੁੱਟ, ਹਿੰਮਤ ਸਿੰਘ ਤੋਂ 50 ਫੁੱਟ, ਗੁਰਦੁਆਰਾ ਸਾਹਿਬ ਸਹੌਰ ਦੀ ਮੋਟਰ ਤੋਂ 30 ਫੁੱਟ ਅਤੇ ਜਸਵੀਰ ਸਿੰਘ ਹਮੀਦੀ ਵਾਲੇ ਤੋਂ 30 ਫੁੱਟ ਕੇਬਲ ਤਾਰ ਚੋਰੀ ਕੀਤਾ ਗਿਆ। ਸਵੇਰੇ ਜਦੋਂ ਕਿਸਾਨ ਆਪਣੇ ਖੇਤਾਂ ’ਚ ਗਏ ਤਾਂ ਉਨ੍ਹਾਂ ਨੇ ਕੋਠੀਆਂ ਦੇ ਟੁੱਟੇ ਜੰਦਰੇ ਅਤੇ ਸਟਾਰਟਰਾਂ ਵਿੱਚੋਂ ਗਾਇਬ ਕੇਬਲ ਦੇਖ ਕੇ ਹੱਕੇ-ਬੱਕੇ ਰਹਿ ਗਏ। ਇਸ ਘਟਨਾ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ ਅਤੇ ਸਿੰਚਾਈ ਪ੍ਰਣਾਲੀ ਵੀ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਫਸਲਾਂ ਨੂੰ ਨੁਕਸਾਨ ਦਾ ਖਤਰਾ ਬਣ ਗਿਆ ਹੈ। ਪੀੜਤਾਂ ਨੇ ਕਿਹਾ ਕਿ ਇਲਾਕੇ ’ਚ ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਕਿਸਾਨਾਂ ’ਚ ਡਰ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਠੁੱਲੀਵਾਲ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ ਅਤੇ ਸਾਰੇ ਕਿਸਾਨ ਇਕੱਠੇ ਹੋ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।