ਜੇਜੀ ਕਾਲਜ ’ਚ ਸਿਹਤ ਸਬੰਧੀ ਕੀਤਾ ਜਾਗਰੂਕ
ਜੇਜੀ ਕਾਲਜ ’ਚ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ
Publish Date: Wed, 07 Jan 2026 03:45 PM (IST)
Updated Date: Wed, 07 Jan 2026 03:48 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਜਸਮੇਰ ਸਿੰਘ ਗੇਜੀ ਕਾਲਜ ਗੁਰਨੇ ਕਲਾਂ ਵਿਖੇ ਐੱਨਐੱਸਐੱਸ ਕੈਂਪ ਦੇ ਛੇਵੇਂ ਦਿਨ ਸਿਹਤ ਸਬੰਧੀ ਜਾਗਰੂਕਤਾ ਬਾਰੇ ਇੱਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਵੱਲੋਂ ਕੀਤੀ ਗਈ। ਪ੍ਰੋਗਰਾਮ ਅਫਸਰ ਡਾ. ਰੀਟਾ ਰਾਵਤ ਅਤੇ ਪ੍ਰੋਫੈਸਰ ਕੁਲਵਿੰਦਰ ਸਿੰਘ ਨੇ ਸੈਮੀਨਾਰ ਨੂੰ ਚੰਗੇ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਅਜੇ ਗਰਗ ਦ ਸ਼ੇਕ ਸਟੱਡੀਓ ਫਿਟਨੈੱਸ ਹੱਬ ਸੁਨਾਮ ਨੇ ਆਪਣੀ ਸਮੁੱਚੀ ਟੀਮ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਿਹਤ ਦੀ ਮਹੱਤਤਾ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੰਗੀ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਸਿਹਤਵੰਦ ਜੀਵਨਸ਼ੈਲੀ ਅਪਣਾ ਕੇ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਸੈਮੀਨਾਰ ਦੌਰਾਨ ਸਾਫ਼ ਸਫਾਈ, ਸੰਤੁਲਿਤ ਆਹਾਰ, ਨਿਯਮਤ ਕਸਰਤ, ਯੋਗਾ, ਧਿਆਨ ਅਤੇ ਰੋਜ਼ਾਨਾ ਜੀਵਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਿਹਤਮੰਦ ਆਦਤਾਂ ਅਪਣਾਉਣ ਅਤੇ ਸਮਾਜ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫਸਰ ਡਾ. ਰੀਟਾ ਰਾਵਤ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ,ਕਿ ਐਨਐਸਐਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੋੜਦਿਆਂ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਪ੍ਰੇਰਤ ਕਰਨਾ ਹੈ। ਪ੍ਰੋ. ਕੁਲਵਿੰਦਰ ਸਿੰਘ ਨੇ ਮਾਨਸਿਕ ਅਤੇ ਸਰੀਰਕ ਸਿਹਤ ਦੀ ਆਪਸੀ ਸਬੰਧਾਂ ਵਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਦੱਸਿਆ, ਕਿ ਤਨਾਅ ਰਹਿਤ ਜੀਵਨ, ਸਕਾਰਾਤਮਕ ਸੋਚ ਅਤੇ ਸਮੇਂ ਸਿਰ ਆਰਾਮ ਕਰਨਾਂ ਵੀ ਚੰਗੀ ਸਿਹਤ ਲਈ ਜਰੂਰੀ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਅਮਨਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ, ਪ੍ਰੋਗਰਾਮ ਅਫਸਰ ਅਤੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਜਾਗਰੁਕਤਾ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਾਗੀਣ ਵਿਕਾਸ ਲਈ ਲਾਭਦਾਇਕ ਹਨ। ਇਸ ਮੌਕੇ ਪ੍ਰੋ. ਪੁਸ਼ਪਾ ਦੇਵੀ, ਪ੍ਰੋ. ਮੋਨਿਕਾ ਰਾਣੀ, ਪ੍ਰੋ. ਨਿਸ਼ਾ ਰਾਣੀ ਆਦਿ ਹਾਜ਼ਰ ਸਨ।