ਦੁਬਈ ਤੋਂ ਪਰਤੇ ਨੌਜਵਾਨ ਨੇ ਛੱਪੜਾਂ ’ਚ ਮੱਛੀ ਪਾਲਣ ਨਾਲ ਸਫ਼ਲਤਾ ਦੀ ਲਿਖੀ ਇਬਾਰਤ
ਦੁਬਈ ਤੋਂ ਪਰਤੇ ਹੰਡਿਆਇਆ ਦੇ ਨੌਜਵਾਨ ਨੇ ਪੰਚਾਇਤੀ ਛੱਪੜਾਂ 'ਚ ਮੱਛੀ ਪਾਲਣ ਨਾਲ ਸਫ਼ਲਤਾ ਦੀ ਇਬਾਰਤ ਲਿਖੀ
Publish Date: Sat, 14 Feb 2026 04:07 PM (IST)
Updated Date: Sun, 15 Feb 2026 04:00 AM (IST)

::ਬਰਨਾਲਾ ਸਣੇ 4 ਜ਼ਿਲ੍ਹਿਆਂ ’ਚ 15 ਏਕੜ ਤੋਂ ਵੱਧ ਰਕਬੇ ’ਚ ਕਰ ਰਿਹੈ ਮੱਛੀ ਪਾਲਣ, ਸਾਲਾਨਾ 12 ਲੱਖ ਰੁਪਏ ਦੀ ਬੱਚਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹੰਡਿਆਇਆ ਵਾਸੀ ਨੌਜਵਾਨ ਨੇ ਜਿੱਥੇ ਪੰਚਾਇਤੀ ਛੱਪੜਾਂ ’ਚ ਮੱਛੀ ਪਾਲਣ ਕਰ ਕੇ ਸਫਲਤਾ ਦੀ ਇਬਾਰਤ ਲਿਖੀ ਹੈ, ਓਥੇ ਖੁਦ ਮਾਰਕੀਟਿੰਗ ਕਰ ਕੇ ਕਮਾਈ ’ਚ ਇਜ਼ਾਫਾ ਕੀਤਾ ਹੈ। ਕਸਬਾ ਹੰਡਿਆਇਆ ਦੇ ਰਹਿਣ ਵਾਲੇ 33 ਸਾਲਾ ਦਰੋਗਾ ਚੌਹਾਨ ਪੁੱਤਰ ਰਾਮ ਆਸਰੇ ਚੌਹਾਨ ਨੇ ਦੱਸਿਆ ਕਿ ਉਹ ਸਾਲ 2015 ’ਚ ਦੁਬਈ ਗਿਆ ਸੀ, ਫਿਰ 2020 ’ਚ ਕਰੋਨਾ ਕਾਲ ਦੌਰਾਨ ਕੰਮ ਠੱਪ ਹੋਣ ਕਰ ਕੇ ਵਾਪਸ ਮੁੜ ਆਇਆ। ਇਸ ਮਗਰੋਂ ਉਸਨੇ ਮੱਛੀ ਪਾਲਣ ਕਰਨ ਦਾ ਸੋਚਿਆ ਤੇ ਮੱਛੀ ਪਾਲਣ ਵਿਭਾਗ ਤੋਂ ਸਿਖਲਾਈ ਵੀ ਹਾਸਲ ਕੀਤੀ। ਉਸ ਕੋਲ ਆਪਣੀ ਜ਼ਮੀਨ ਨਹੀਂ ਸੀ। ਉਸਨੇ ਸਾਲ 2020 ’ਚ ਸਭ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁੱਗਰੀ ’ਚ ਪੌਣੇ ਦੋ ਏਕੜ ਦੇ ਪੰਚਾਇਤੀ ਛੱਪੜ ’ਚ ਮੱਛੀ ਪਾਲਣ ਤੋਂ ਸ਼ੁਰੂਆਤ ਕੀਤੀ। ਜ਼ਿਲ੍ਹਾ ਬਰਨਾਲਾ ’ਚ ਪਿੰਡ ਖੁੱਡੀ ਖੁਰਦ ’ਚ 2 ਏਕੜ ਦੇ ਪੰਚਾਇਤੀ ਛੱਪੜ ਨੂੰ ਠੇਕੇ ਤੇ ਲੈ ਕੇ ਕੰਮ ਦਾ ਦਾਇਰਾ ਵਧਾਇਆ। ਦਰੋਗਾ ਚੌਹਾਨ ਨੇ ਦੱਸਿਆ ਕਿ ਮੌਜੂਦਾ ਸਮੇਂ ਉਹ ਬਰਨਾਲਾ ’ਚ ਸੇਖਾ ਰੋਡ ’ਤੇ ਇੱਕ ਏਕੜ ਪੰਚਾਇਤੀ ਛੱਪੜ, ਪਿੰਡ ਖੁੱਡੀ ਖੁਰਦ ’ਚ ਢਾਈ ਏਕੜ ਪੰਚਾਇਤੀ ਟੋਭੇ, ਫਤਹਿਗੜ੍ਹ ਛੰਨਾ ’ਚ ਪੌਣੇ ਦੋ ਏਕੜ ਪੰਚਾਇਤੀ ਟੋਭੇ, ਕੋਟਦੁੰਨਾ ’ਚ 1 ਏਕੜ ਪ੍ਰਾਈਵੇਟ ਟੋਭੇ, ਉੱਪਲੀ ’ਚ 1 ਏਕੜ ਪ੍ਰਾਈਵੇਟ ਟੋਭੇ, ਜਗਜੀਤਪੁਰਾ ’ਚ 1 ਏਕੜ ਪ੍ਰਾਈਵੇਟ ਟੋਭੇ ਤੋਂ ਬਿਨਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲੀਆਂ ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਅਲੀਸ਼ੇਰ ’ਚ ਛੱਪੜ ਠੇਕੇ ’ਤੇ ਲੈ ਕੇ ਮੱਛੀ ਪਾਲਣ ਦਾ ਧੰਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਟੱਲੇਵਾਲ- ਦੱਧਾਹੂਰ ਨਹਿਰੀ ਟੋਟਾ ਵੀ ਪੰਜ ਸਾਲਾ ਲੀਜ਼ ’ਤੇ ਲੈ ਕੇ ਮੱਛੀ ਪਾਲਣ ਦਾ ਦਾਇਰਾ ਵਧਾਇਆ। ਉਸ ਨੇ ਦੱਸਿਆ ਕਿ ਉਹ ਹੰਡਿਆਇਆ ’ਚ ਆਪਣੀ ਮੱਛੀ ਦੀ ਦੁਕਾਨ ਚਲਾਉਂਦਾ ਹੈ ਤੇ ਮੱਛੀ ਦੀ ਵਿਕਰੀ ਆਪਣੀ ਦੁਕਾਨ ’ਤੇ ਕਰਦਾ ਹੈ ਤੇ ਬਾਕੀ ਮੱਛੀ ਵਿਕਰੀ ਲਈ ਲੁਧਿਆਣਾ ਲਿਜਾਂਦਾ ਹੈ। ਉਸਨੇ ਦੱਸਿਆ ਕਿ ਉਹ ਮੱਛੀ ਪੂੰਗ ਸਰਕਾਰੀ ਪੂੰਗ ਫਾਰਮ ਸੰਗਰੂਰ ਤੇ ਬੇਨੜਾ ਤੋਂ ਲੈਂਦਾ ਹੈ ਤੇ ਇਸ ਵੇਲੇ ਕਤਲਾ, ਰੋਹੂ, ਮੁਰਾਕ, ਕੌਮਨ ਕਾਰਪ, ਗ੍ਰਾਸ ਕਾਰਪ ਪ੍ਰਜਾਤੀਆਂ ਦੀ ਮੱਛੀ ਪਾਲ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ ਜਿਸ ਕਰਕੇ ਓਸ ਨੇ ਪੰਚਾਇਤੀ ਟੋਭਿਆਂ ਤੋਂ ਸ਼ੁਰੂਆਤ ਕੀਤੀ ਜਿਸ ਨਾਲ ਉਸ ਨੂੰ ਵਧੀਆ ਆਮਦਨ ਹੋਣ ਲੱਗੀ ਅਤੇ ਉਸ ਨੇ ਹੌਲੀ-ਹੌਲੀ ਕੰਮ ਦਾ ਦਾਇਰਾ ਵਧਾਇਆ। ਉਸ ਨੇ ਦੱਸਿਆ ਇਸ ਵੇਲੇ ਉਹ ਜ਼ਿਲ੍ਹਾ ਬਰਨਾਲਾ, ਲੁਧਿਆਣਾ, ਮਾਨਸਾ, ਸੰਗਰੂਰ ’ਚ 10 ਤੋਂ ਵੱਧ ਛੱਪੜਾਂ ’ਚ ਮੱਛੀ ਪਾਲਣ ਕਰ ਰਿਹਾ ਹੈ ਜੋ ਕਿ 15 ਏਕੜ ਦੇ ਕਰੀਬ ਖੇਤਰ ਬਣਦਾ ਹੈ। ਉਸ ਨੇ ਦੱਸਿਆ ਕਿ ਉਹ ਬਰਨਾਲਾ ਦੇ ਛੱਪੜਾਂ ਤੇ ਮੱਛੀ ਦੁਕਾਨ ਤੋਂ ਸਾਲਾਨਾ 24 ਲੱਖ ਦੇ ਕਰੀਬ ਆਮਦਨ ਲੈ ਰਿਹਾ ਹੈ ਤੇ ਮੱਛੀ ਫੀਡ, ਲੇਬਰ, ਠੇਕੇ, ਢੋਆ-ਢੁਆਈ ਆਦਿ ਖਰਚੇ ਕੱਢ ਕੇ 10 ਤੋਂ 12 ਲੱਖ ਦੇ ਕਰੀਬ ਬੱਚਤ ਹੋ ਜਾਂਦੀ ਹੈ। ਉਸਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਉਸਨੂੰ ਨਹਿਰੀ ਟੋਟੇ ਤੋਂ ਮੱਛੀ ਦੀ ਵਿਕਰੀ ਕਰ ਕੇ ਕਰੀਬ ਪੌਣੇ 5 ਲੱਖ ਰੁਪਏ ਆਮਦਨ ਹੋਈ। -ਬਾਕਸ ਨਿਊਜ- ਡੀਸੀ ਨੇ ਕੀਤੀ ਸ਼ਲਾਘਾ, ਹੋਰਨਾਂ ਲਈ ਮਿਸਾਲ ਬਣਿਆ ਦਰੋਗਾ ਚੌਹਾਨ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਮੱਛੀ ਪਾਲਕ ਦਰੋਗਾ ਚੌਹਾਨ ਦੀ ਸ਼ਲਾਘਾ ਕੀਤੀ ਜੋ ਕਿ ਜ਼ਿਆਦਾਤਰ ਪੰਚਾਇਤੀ ਛੱਪੜਾਂ ’ਚ ਮੱਛੀ ਪਾਲਣ ਕਰ ਕੇ ਚੰਗੀ ਆਮਦਨ ਹਾਸਲ ਕਰ ਰਿਹਾ ਹੈ। ਡੀਸੀ ਨੇ ਕਿਹਾ ਕਿ ਇਸ ਨਾਲ ਜਿੱਥੇ ਪੰਚਾਇਤਾਂ ਨੂੰ ਆਮਦਨ ਹੁੰਦੀ ਹੈ, ਓਥੇ ਮੱਛੀ ਪਾਲਕ ਵੀ ਵਧੀਆ ਕਮਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ ਤਹਿਤ ਮੱਛੀ ਪਾਲਕਾਂ ਨੂੰ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਕਿਸਾਨ ਦਰੋਗਾ ਚੌਹਾਨ ਨੂੰ ਮੱਛੀ ਪਾਲਣ ਵਿਭਾਗ ਰਾਹੀਂ ਮੋਟਰਸਾਈਕਲ ਵਿਦ ਆਈਸ ਬਾਕਸ ’ਤੇ 40 ਫੀਸਦੀ ਸਬਸਿਡੀ ਦਿੱਤੀ ਗਈ ਹੈ। -ਬਾਕਸ ਨਿਊਜ- 40 ਤੋਂ 60 ਫੀਸਦੀ ਸਬਸਿਡੀ ਦੀ ਸਹੂਲਤ : ਸਹਾਇਕ ਡਾਇਰੈਕਟਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਚਰਨਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ ਅਧੀਨ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਵੈ-ਰੁਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਤੇ ਮੱਛੀ ਦੇ ਉਤਪਾਦਾਂ ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵੀਲ੍ਹਰ ਵਿਦ ਆਈਸ ਬਾਕਸ ਜਾਂ ਮੋਟਰਸਾਈਕਲ ਵਿਦ ਆਈਸ ਬਾਕਸ ਦੀ ਖ੍ਰੀਦ ਕਰਨ ਉਪਰੰਤ ਤੇ ਅਧੀਨ ਪਲੇਨ/ਪੱਧਰ ਜ਼ਮੀਨ ਉੱਤੇ ਮੱਛੀ ਤਲਾਬ ਦੀ ਉਸਾਰੀ ਲਈ 40 ਫੀਸਦੀ (ਜਨਰਲ ਸ਼੍ਰੇਣੀ) ਤੇ 60 ਫੀਸਦੀ ਐੱਸਸੀ/ਐੱਸਟੀ/ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਸ਼ ਕਿਓਸਕ ਉੱਪਰ ਕੰਪੋਨੈਂਟ ਵਾਈਜ਼ ਪ੍ਰਾਜੈਕਟ ਲਾਗਤ (10 ਲੱਖ ਜਾਂ ਇਸ ਤੋਂ ਘੱਟ) ਤੇ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।