ਬੈਟਰੀ ਦੇ ਸ਼ਾਰਟ ਸਕਰਟ ਕਾਰਨ ਜਿਪਸਮ ਨਾਲ ਭਰੀਆਂ ਗੱਡੀ ਸੜੀਆਂ
ਬੈਟਰੀ ਦੇ ਸ਼ਾਰਟ ਸਕਰਟ ਕਾਰਨ ਜਿਪਸਮ ਨਾਲ ਭਰੀਆਂ ਗੱਡੀ ਸੜੀਆਂ
Publish Date: Sun, 19 Apr 2026 07:09 PM (IST)
Updated Date: Mon, 20 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਦੱਧਾਹੂਰ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ (ਘੋੜੇ) ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਗੱਡੀਆਂ ਡੱਬਵਾਲੀ ਤੋਂ ਮਾਲ ਲੈ ਕੇ ਰੋਪੜ ਜਾ ਰਹੀਆਂ ਸਨ ਤਾਂ ਪਿੰਡ ਦੱਧਾਹੂਰ ਨਹਿਰ ਦੇ ਪੁਲ ਤੋਂ ਮਹਿਲ ਕਲਾਂ ਵਾਲੇ ਪਾਸੇ ਢਾਬੇ ’ਤੇ ਚਾਹ ਪੀਣ ਰੁਕੇ ਜਿੱਥੇ ਡਰਾਈਵਰ ਨੂੰ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਇਕ ਗੱਡੀ ਨੰਬਰ ਦੀ ਬੈਟਰੀ ਵਿੱਚ ਕੁਝ ਸਮੱਸਿਆ ਹੈ ਜਿਸ ਦੀ ਮੁਰੰਮਤ ਦੌਰਾਨ ਅਚਾਨਕ ਅੱਗ ਭੜਕ ਗਈ ਤੇ ਇਹ ਅੱਗ ਗੱਡੀ ਦੇ ਡੀਜ਼ਲ ਟੈਂਕ ਨੂੰ ਲੱਗ ਗਈ, ਜਿਸ ਤੋਂ ਬਾਅਦ ਮਿੰਟਾਂ ਸਕਿੰਟਾਂ ਵਿਚ ਹੀ ਅੱਗ ਨਾਲ ਸਾਰੀ ਗੱਡੀ ਸੜ ਕੇ ਸਵਾਹ ਹੋ ਗਈ ਤੇ ਕੋਲ ਖੜ੍ਹੀ ਇਕ ਹੋਰ ਗੱਡੀ ਵੀ ਅੱਗ ਦੀ ਲਪੇਟ ’ਚ ਆ ਗਈ, ਦੋਵੇਂ ਗੱਡੀਆਂ PB 05Y 5713 ਅਤੇ PB 03V 9357 ਸਮੇਤ ਮਾਲ ਬੁਰੀ ਤਰ੍ਹਾਂ ਸੜ ਗਈਆਂ। ਦੋਵੇਂ ਗੱਡੀਆਂ ਦੇ ਡਰਾਈਵਰ ਬੇਗ ਮੁਹੰਮਦ ਉਰਫ ਮਨੀ ਅਤੇ ਸੋਮਾ ਸਿੰਘ ਗੱਡੀਆਂ ’ਚੋਂ ਬਾਹਰ ਹੋਣ ਕਰਕੇ ਵਾਲ- ਵਾਲ ਬਚ ਗਏ ਪ੍ਰੰਤੂ ਅੱਗ ’ਤੇ ਕਾਬੂ ਪਾਉਣ ਲੱਗੇ ਮਿਸਤਰੀ ਕੇਵਲ ਸਿੰਘ ਅੱਗ ਦੇ ਚਪੇਟ ਵਿਚ ਆ ਗਿਆ। ਇਸ ਨੂੰ ਇਕੱਠੇ ਹੋਏ ਲੋਕਾਂ ਨੇ ਬਚਾ ਲਿਆ ਗਿਆ। ਇਸ ਸਬੰਧੀ ਗੱਡੀ ਦੇ ਮਾਲਕ ਦੇ ਭਰਾ ਗੁਰਚਰਨ ਸਿੰਘ ਵਾਸੀ ਚਤਰਾ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਨਾਲ ਤਕਰੀਬਨ ਦੋਵਾਂ ਗੱਡੀਆਂ ਦਾ 35 ਤੋਂ 40 ਲੱਖ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਦੋਵੇਂ ਗੱਡੀਆਂ ਰੋਡ ’ਤੇ ਚੱਲਣਯੋਗ ਨਹੀਂ ਹਨ ਤੇ ਨਾ ਹੀ ਇਨ੍ਹਾਂ ਦੀ ਮੁਰੰਮਤ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦਾ ਵੱਡਾ ਅਸਰ ਉਨ੍ਹਾਂ ਦੇ ਸੀਜ਼ਨ ’ਤੇ ਵੀ ਪਵੇਗਾ।