ਪਰਵਾਸੀ ਮਜ਼ਦੂਰ ਨੂੰ ਲੱਗਿਆ ਕਰੰਟ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਪ੍ਰਵਾਸੀ ਮਜ਼ਦੂਰ ਨੂੰ ਲੱਗਿਆ ਕਰੰਟ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
Publish Date: Mon, 20 Apr 2026 03:50 PM (IST)
Updated Date: Tue, 21 Apr 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਗਾਗੋਵਾਲ ਵਿਖੇ ਦਾਣਾ ਮੰਡੀ ’ਚ ਲੱਗੀ ਮੋਟਰ ਚਲਾਉਣ ਸਮੇਂ ਖਸਤਾ ਹਾਲ ਸਟਾਰਟਰ ਤੋਂ ਪ੍ਰਵਾਸੀ ਮਜ਼ਦੂਰ ਨੂੰ ਕਰੰਟ ਦਾ ਝਟਕਾ ਲੱਗਿਆ। ਇਸ ਉਪਰੰਤ ਕਿਸਾਨਾਂ ਤੇ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਮਹਿਲ ਕਲਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੋਵਾਲ ਨੇ ਕਿਹਾ ਕਿ ਦਾਣਾ ਮੰਡੀ ’ਚ ਲੱਗੀ ਮਾਰਕੀਟ ਕਮੇਟੀ ਦੀ ਮੋਟਰ ਨੂੰ ਇਕ ਮਜ਼ਦੂਰ ਸੇਮਾ ਚੌਧਰੀ ਜਦ ਪਾਣੀ ਲਈ ਚਲਾਉਣ ਲੱਗਾ ਤਾਂ ਉਸ ਨੂੰ ਲੰਬੇ ਸਮੇਂ ਤੋਂ ਖਸਤਾ ਹਾਲ ਮੋਟਰ ਦੇ ਸਟਾਰਟਰ ਤੋਂ ਕਰੰਟ ਦਾ ਝਟਕਾ ਲੱਗਿਆ। ਜਿਸ ਉਪਰੰਤ ਮੰਡੀ ਵਿਚ ਹਾਜ਼ਰ ਮਜ਼ਦੂਰਾਂ ਤੇ ਕਿਸਾਨਾਂ ਨੇ ਉਸ ਨੂੰ ਸੰਭਾਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਸਟਾਰਟਰ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲ ਹੈ ਤੇ ਕਰੰਟ ਮਾਰ ਰਿਹਾ ਹੈ, ਪਰ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਕਾਰਨ ਉਕਤ ਘਟਨਾ ਵਾਪਰੀ ਤੇ ਜੋ ਜਾਨਲੇਵਾ ਵੀ ਹੋ ਸਕਦੀ ਸੀ। ਇਸ ਉਪਰੰਤ ਕਿਸਾਨਾਂ ਵੱਲੋਂ ਸਟਾਰਟਰ ਨੂੰ ਪ੍ਰਾਈਵੇਟ ਬਿਜਲੀ ਮਕੈਨਿਕ ਤੋਂ ਠੀਕ ਕਰਵਾ ਦਿੱਤਾ ਗਿਆ ਹੈ, ਪਰ ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਮੰਗ ਕੀਤੀ ਕਿ ਦਾਣਾ ਮੰਡੀਆਂ ਵਿਚ ਫਸਲ ਦੀ ਖ਼ਰੀਦ ਤੋਂ ਇਲਾਵਾ ਕਿਸਾਨਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਵੀ ਧਿਆਨ ਦੇ ਕੇ ਲਾਈਟਾਂ, ਪਾਣੀ, ਹਾਜਤ ਆਦਿ ਸਬੰਧੀ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਵੇ। ਇਸ ਮੌਕੇ ਹੋਰ ਕਿਸਾਨ ਅਤੇ ਮਜ਼ਦੂਰ ਵੀ ਹਾਜ਼ਰ ਸਨ। ਇਸ ਮੌਕੇ ਸੁਦਾਗਰ ਸਿੰਘ, ਬਿੱਟੂ ਸਿੰਘ, ਅੰਮ੍ਰਿਤਪਾਲ ਸਿੰਘ, ਹਰਚੇਤ ਸਿੰਘ, ਜਸਵਿੰਦਰ ਸਿੰਘ ਕਾਲਾ ਪੰਚ, ਤਰਸੇਮ ਸਿੰਘ, ਹਰਭਜਨ ਸਿੰਘ ਭਜਨਾ ਆਦਿ ਵੀ ਹਾਜ਼ਰ ਸਨ। ਕਿਸਾਨਾਂ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ : ਸੁਪਰਵਾਈਜ਼ਰ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸੁਪਰਵਾਈਜ਼ਰ ਰਾਜਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨੂੰ ਇਸ ਸਬੰਧੀ ਕੋਈ ਮਾਮਲਾ ਧਿਆਨ ’ਚ ਨਹੀਂ ਲਿਆਂਦਾ ਗਿਆ ਤੇ ਪਤਾ ਕਰਨ ਉਪਰੰਤ ਪਤਾ ਲੱਗਿਆ ਕਿ ਉਕਤ ਦਾਣਾ ਮੰਡੀ ’ਚ ਮੋਟਰ ’ਚ ਕੁੱਝ ਖ਼ਰਾਬੀ ਸੀ, ਪਰ ਮਾਰਕੀਟ ਕਮੇਟੀ ਨੂੰ ਸੂਚਿਤ ਕੀਤੇ ਬਿਨਾਂ ਹੀ ਸਟਾਰਟਰ ਉਸ ਨਾਲ ਛੇੜਛਾੜ ਕੀਤੀ ਹੋਈ ਜਾਪਦੀ ਹੈ, ਬਾਕੀ ਅਸੀਂ ਚੈਕ ਕਰਵਾ ਕੇ ਕਿਸਾਨਾਂ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ।