ਗੌਰਮਿੰਟ ਟੀਚਰਜ਼ ਯੂਨੀਅਨ ਨੇ ਘੇਰਿਆ ਡੀਈਓ ਦਫਤਰ
ਗੌਰਮਿੰਟ ਟੀਚਰਜ਼ ਯੂਨੀਅਨ ਨੇ ਘੇਰਿਆ ਡੀਈਓ ਦਫਤਰ
Publish Date: Sun, 15 Feb 2026 04:13 PM (IST)
Updated Date: Mon, 16 Feb 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਬਰਨਾਲਾ ਵੱਲੋਂ ਬੋਰਡ ਜਮਾਤਾਂ ਦੇ ਪੇਪਰਾਂ ’ਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਮਨਮਾਨੇ ਤੇ ਰੰਜਿਸ਼ ਪੂਰਨ ਢੰਗ ਨਾਲ ਲਗਾਉਣ ਦੇ ਵਿਰੋਧ ਵਜੋਂ ਡੀਈਓ ਦਫ਼ਤਰ ਬਰਨਾਲਾ (ਸੈਕੰਡਰੀ) ਅੱਗੇ ਰੋਸਮਈ ਧਰਨਾ ਦੇ ਕੇ ਦਫ਼ਤਰ ਦਾ ਘਿਰਾਓ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਡਿਊਟੀਆਂ ਨੂੰ ਲਗਾਉਣ ਸਮੇਂ ਡੀਲਿੰਗ ਹੈਂਡ ਤੇ ਦਫ਼ਤਰ ਨੇ ਜਥੇਬੰਦਕ ਆਗੂਆਂ ਤੇ ਕਾਡਰ ਨੂੰ ਨਿਸ਼ਾਨਾ ਬਣਾਉਣ ਦਾ ਕੋਝਾ ਯਤਨ ਕੀਤਾ ਹੈ ਤੇ ਸਿੱਖਿਆ ਵਿਭਾਗ ਦੇ ਸਮੇਂ-ਸਮੇਂ ’ਤੇ ਜਾਰੀ ਪੱਤਰਾਂ ਤੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਅਧਿਆਪਕਾਂ ਦੀਆਂ ਡਿਊਟੀਆਂ 40-50 ਕਿਲੋਮੀਟਰ ਤੱਕ ਦੂਰ ਲਗਾ ਦਿੱਤੀਆਂ ਹਨ। ਜਥੇਬੰਦੀ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਦਫ਼ਤਰ ਖ਼ਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਜਥੇਬੰਦੀ ਦੇ ਰੋਹ ਨੂੰ ਦੇਖਦਿਆਂ ਸਾਰੇ ਹੀ ਜਿੰਮੇਵਾਰ ਅਧਿਕਾਰੀ ਦਫ਼ਤਰ ’ਚੋਂ ਗਾਇਬ ਹੋ ਗਏ ਪਰ ਜਥੇਬੰਦੀ ਦੇ ਦਫ਼ਤਰ ਦਾ ਘਿਰਾਓ ਦੇ ਐਲਾਨ ਤੋਂ ਬਾਅਦ ਸਸਸਸ ਠੀਕਰੀਵਾਲਾ ( ਕੰਨਿਆ ) ਦੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਡਿਊਟੀ ਜਥੇਬੰਦੀ ਨਾਲ ਗੱਲਬਾਤ ਕਰਨ ਤੇ ਲਗਾਈ ਗਈ, ਜਿੰਨ੍ਹਾ ਨੇ ਜੱਥੇਬੰਦੀ ਵੱਲੋਂ ਪੇਸ਼ ਕੀਤੀਆਂ ਸਾਰੀਆਂ ਹੀ ਗ਼ਲਤ ਡਿਊਟੀਆਂ ਕੱਟਣ / ਅਡਜਸਟ ਕਰਨ ਦੀ ਸਹਿਮਤੀ ਦਿੱਤੀ ਪਰ ਜਥੇਬੰਦੀ ਨੇ ਗਲਤ ਇਰਾਦੇ ਨਾਲ ਡਿਊਟੀਆਂ ਲਗਾਉਣ ਵਾਲੇ ਕਰਮਚਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਨੂੰ ਮੁੱਖ ਰੱਖਦਿਆਂ ਕੋਈ ਵੀ ਹੋਰ ਅਪੀਲ ਤੇ ਦਲੀਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜਥੇਬੰਦੀ ਨੇ ਦਫਤਰ ਨੂੰ ਚਿਤਾਵਨੀ ਦਿੱਤੀ ਕਿ ਜਿੰਨ੍ਹਾ ਚਿਰ ਡੀਲਿੰਗ ਹੈਂਡ ਜਸਵਿੰਦਰ ਸਿੰਘ ( ਸੀਨੀ. ਸਹਾ) ਦੀ ਸੀਟ ਬਦਲੀ ਅਤੇ ਮਨਜੀਤ ਕੌਰ ਮਨੂ ਨੂੰ ਦਫਤਰ ਤੌਂ ਰਿਲੀਵ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਸੰਘਰਸ ਜਾਰੀ ਰਹੇਗਾ । ਜਥੇਬੰਦੀ ਨੇ ਸੋਮਵਾਰ ਦੀ ਡੀਈਓ ਦਫਤਰ ਵਿਖੇ ਵਧਵੀ ਮੀਟਿੰਗ ਬੁਲਾਈ ਹੈ। ਜਿਸ ’ਚ ਦਫਤਰ ਖਿਲਾਫ ਅਗਲੇ ਸੰਘਰਸ਼ਾਂ ਦਾ ਫੈਸਲਾ ਲਿਆ ਜਾਵੇਗਾ।