ਸਰਕਾਰ ਬਚਕਾਣੇ ਫੈਸਲੇ ਲੈਣ ਤੋਂ ਗੁਰੇਜ਼ ਕਰੇ : ਗਰਗ
ਸਰਕਾਰ ਬਚਕਾਣੇ ਫੈਸਲੇ ਲੈਣ ਤੋਂ ਗੁਰੇਜ਼ ਕਰੇ: ਗਰਗ
Publish Date: Wed, 11 Feb 2026 04:39 PM (IST)
Updated Date: Wed, 11 Feb 2026 04:41 PM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਆਪਣੇ ਬਿਆਨ ਵਿੱਚ ਪੰਜਾਬ ਦੇ ਦੋ ਸੀਨੀਅਰ ਆਈਏਐੱਸ ਅਧਿਕਾਰੀਆਂ ਕਮਲ ਕਿਸ਼ੋਰ ਯਾਦਵ ਅਤੇ ਜਸਪ੍ਰੀਤ ਸਿੰਘ ਨੂੰ ਮੁਅੱਤਲ ਕਰਨ ਦੇ ਫੈਸਲੇ ’ਤੇ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਇਸ ਤਰ੍ਹਾਂ ਦਾ ਤੁਗਲਕੀ ਫਰਮਾਨ ਬਿਊਰੋਕਰੇਸੀ ਵਿੱਚ ਅਨਿੱਸ਼ਿਚਤਾ ਅਤੇ ਮਨੋਬਲ ਕਮਜ਼ੋਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਪ੍ਰਸ਼ਾਸਨਿਕ ਪ੍ਰਣਾਲੀ ਤਹਿਸ ਨਹਿਸ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰੋਜ਼ਮਰਰਾ ਦੇ ਫੈਸਲਿਆਂ ਵਿੱਚ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਨੇ ਪ੍ਰਸ਼ਾਸਨ ਵਿੱਚ ਬੇਵਿਸ਼ਵਾਸੀ ਦਾ ਮਾਹੌਲ ਬਣਾ ਦਿੱਤਾ ਹੈ, ਕਿਸੇ ਵੀ ਮੰਤਰੀ ਕੋਲ ਆਪਣੇ ਵਿਭਾਗ ਵਿੱਚ ਕੋਈ ਜਨ ਹਿੱਤ ਵਿੱਚ ਪਾਲਿਸੀ ਬਣਾਉਣ ਜਾਂ ਆਦੇਸ਼ ਜਾਰੀ ਕਰਨ ਦੀ ਸਮਰੱਥਾ ਹੈ, ਅਜਿਹੇ ਬੇ-ਭਰੋਸਗੀ ਵਾਲੇ ਮਾਹੌਲ ਵਿੱਚ ਕੋਈ ਅਧਿਕਾਰੀ ਜ਼ਿੰਮੇਵਾਰੀ ਕਿਸ ਤਰ੍ਹਾਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਫਰੰਟ ’ਤੇ ਹਰ ਤਰ੍ਹਾਂ ਨਾਲ ਫੇਲ੍ਹ ਸਾਬਤ ਹੋ ਰਹੀ ਹੈ, ਅਜਿਹੇ ਵਿੱਚ ਸਰਕਾਰ ਆਪਣੀ ਨਿਕੰਮੀ ਕਾਰਗੁਜ਼ਾਰੀ ਦਾ ਨਜ਼ਲਾ ਅਧਿਕਾਰੀਆਂ ਉੱਪਰ ਸੁੱਟ ਕੇ ਪੱਲਾ ਝਾੜਨਾ ਚਾਹੁੰਦੀ ਹੈ। ਭਗਵੰਤ ਮਾਨ ਸਰਕਾਰ ਦੀ ਬੇਭਰੋਸਗੀ ਨਾਂ ਤਜਰਬੇਕਾਰੀ ਦਾ ਖਮਿਆਜ਼ਾ ਆਮ ਨਾਗਰਿਕਾਂ ਨੂੰ ਭੁਗਤਣਾ ਪੈ ਰਿਹਾ ਹੈ।