ਠੇਕਾ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ
ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜ਼ਮਾਂ ਵਲੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ
Publish Date: Sun, 18 Jan 2026 04:51 PM (IST)
Updated Date: Mon, 19 Jan 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਰਕਾਰੀ ਆਈਟੀਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੀਆਂ ਸਰਕਾਰੀ ਆਈਟੀਆਈਜ਼ ਵਿਚ ਕੰਮ ਬੰਦ ਕਰ ਕੇ ਮੁੱਖ ਦਫ਼ਤਰ ਚੰਡੀਗੜ੍ਹ ਸੈਕਟਰ 36ਏ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਗੱਲਬਾਤ ਨਾ ਕਰਨ ਕਰ ਕੇ ਧੂਰੀ ਵਿਖੇ ਸੂਬਾ ਪੱਧਰੀ ਰੈਲੀ ਵੀ ਕੀਤੀ ਗਈ ਸੀ। ਜਿਸਦੇ ਚੱਲਦਿਆਂ ਰੈਲੀ ਵਾਲੇ ਦਿਨ ਮਾਣਯੋਗ ਡੀਸੀ ਸੰਗਰੂਰ ਵੱਲੋਂ ਮਾਣਯੋਗ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਮਾਣਯੋਗ ਤਕਨੀਕੀ ਸਿੱਖਿਆ ਮੰਤਰੀ ਦੀ ਹਾਜ਼ਰੀ ਵਿਚ ਵਿਭਾਗ ਦੇ ਅਫ਼ਸਰਾਂ ਨਾਲ ਪੈਨਲ ਮੀਟਿੰਗ ਵੀ ਦਿੱਤੀ ਗਈ ਸੀ। ਪ੍ਰੰਤੂ ਪੰਜਾਬ ਸਰਕਾਰ ਮੀਟਿੰਗ ਕਰਨ ਤੋਂ ਭੱਜ ਗਈ ਹੈ ਹੁਣ ਪੰਜਾਬ ਸਰਕਾਰ ਵੱਲੋਂ 29 ਜਨਵਰੀ ਨੂੰ ਮੀਟਿੰਗ ਕਰਨ ਬਾਰੇ ਕਿਹਾ ਗਿਆ ਹੈ। ਜੱਥੇਬੰਦੀ ਵੱਲੋਂ ਫ਼ੈਸਲਾ ਕੀਤਾ ਹੈ ਕਿ ਚੰਡੀਗੜ੍ਹ ਮੋਰਚਾ ਹੁਣ 29 ਜਨਵਰੀ ਤੱਕ ਵਧਾਇਆ ਗਿਆ ਹੈ ਤੇ ਸੂਬਾ ਕਮੇਟੀ ਮੈਂਬਰਾ ਵੱਲੋਂ ਭੁੱਖ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਜੇਕਰ ਪੰਜਾਬ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਚੰਡੀਗੜ੍ਹ ਦਾ ਪੱਕਾ ਮੋਰਚਾ ਸੰਗਰੂਰ ਵਿਖੇ ਸ਼ਿਫਟ ਕੀਤਾ ਜਾਵੇਗਾ। ਬੱਚਿਆਂ ਦੀ ਟਰੇਨਿੰਗ ਦਾ ਜੋ ਨੁਕਸਾਨ ਹੋ ਰਿਹਾ ਹੈ ਇਸਦੀ ਜਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਜੇਕਰ ਪੰਜਾਬ ਸਰਕਾਰ ਬੱਚਿਆਂ ਦੀ ਟਰੇਨਿੰਗ ਪ੍ਰਤੀ ਐਨੀ ਗੰਭੀਰ ਹੁੰਦੀ ਤਾਂ ਹੁਣ ਤਕ ਕਦੋਂ ਦਾ ਸਰਕਾਰ ਵੱਲੋਂ ਮਸਲੇ ਹੱਲ ਕਰ ਦਿੱਤੇ ਜਾਂਦੇ। ਜੇਕਰ ਅੱਗੇ ਕਿਸੇ ਵੀ ਕਿਸਮ ਦਾ ਜਾਨੀ, ਮਾਲੀ ਜਾਂ ਬੱਚਿਆਂ ਦੀ ਟਰੇਨਿੰਗ ਦਾ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।