ਭਦੌੜ ’ਚ ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ
ਭਦੌੜ ’ਚ ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ
Publish Date: Thu, 09 Apr 2026 06:57 PM (IST)
Updated Date: Fri, 10 Apr 2026 04:12 AM (IST)

: ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਹੋਇਆ ਪਰੇਸ਼ਾਨ ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਭਦੌੜ ਨੇੜਲੇ ਪਿੰਡ ਮੱਝੂਕੇ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਭਿਆਨਕ ਟੱਕਰ ਹੋਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਜਿਸ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਸਰਕਾਰੀ ਸਿਸਟਮ ਦੀਆਂ ਨਾਕਾਮੀਆਂ ਮੁੜ ਜੱਗ ਜ਼ਾਹਰ ਹੋ ਗਈਆਂ ਹਨ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੱਝੂਕੇ ਦੇ ਸਾਬਕਾ ਪੰਚਾਇਤ ਮੈਂਬਰ ਸ਼ਿਵਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੱਝੂਕੇ ਤੋਂ ਹਿੰਮਤਪੁਰਾ ਵੱਲ ਜਾ ਰਹੇ ਸਨ ਤਾਂ ਰਸਤੇ ’ਚ ਮੋਟਰਸਾਈਕਲ ਸਵਾਰ ਗੁਰਤੇਜ ਸਿੰਘ ਉਰਫ ਬਿੱਲਾ ਪੁੱਤਰ ਦਰਸ਼ਨ ਸਿੰਘ ਵਾਸੀ ਮੱਝੂਕੇ ਗੰਭੀਰ ਜ਼ਖ਼ਮੀ ਹਾਲਤ ’ਚ ਸੜਕ ’ਤੇ ਡਿੱਗਿਆ ਪਿਆ ਸੀ। ਇਸ ਨੂੰ ਉਨ੍ਹਾਂ ਨੇ ਮਾਨਵਤਾ ਦੇ ਨਾਤੇ ਹੋਰ ਲੋਕਾਂ ਦੀ ਮਦਦ ਨਾਲ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਦੌੜ ਪਹੁੰਚਾਇਆ ਪਰ ਉੱਥੇ ਪਹੁੰਚਣ ’ਤੇ ਪਤਾ ਲੱਗਿਆ ਕਿ ਹਸਪਤਾਲ ਨੂੰ ਜਿੰਦਾ ਲੱਗਿਆ ਹੋਇਆ ਸੀ। ਹਸਪਤਾਲ ’ਚ ਕੋਈ ਡਾਕਟਰੀ ਸਹੂਲਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰਨ ਮਰੀਜ਼ ਨੂੰ ਇਕ ਨਿੱਜੀ ਹਸਪਤਾਲ ਲਿਜਾਣਾ ਪਿਆ ਜਿੱਥੇ ਐਕਸਰੇ ਦੌਰਾਨ ਪਤਾ ਲੱਗਿਆ ਕਿ ਮਰੀਜ਼ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਸ ਤੋਂ ਬਾਅਦ ਜਦੋਂ ਉਹ ਪੁਲਿਸ ਕਾਰਵਾਈ ਲਈ ਥਾਣਾ ਭਦੌੜ ਵਿਖੇ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਮੁੜ ਸਰਕਾਰੀ ਹਸਪਤਾਲ ਜਾ ਕੇ ਦਾਖਲ ਹੋਣ ਲਈ ਕਿਹਾ ਗਿਆ ਤਾਂ ਜੋ ਉੱਥੋਂ ਰੁਕਾ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜਦੋਂ ਉਹ ਦੁਬਾਰਾ ਮਰੀਜ਼ ਨੂੰ ਲੈ ਕੇ ਸਿਵਲ ਹਸਪਤਾਲ ਭਦੌੜ ਪਹੁੰਚੇ ਤਾਂ ਹਸਪਤਾਲ ਦੀ ਹਾਲਤ ਉਹੀ ਸੀ ਤੇ ਉੱਥੇ ਫਿਰ ਜਿੰਦਾ ਲੱਗਿਆ ਹੋਇਆ ਮਿਲਿਆ। ਇਸ ਕਾਰਨ ਜ਼ਖਮੀ ਮਰੀਜ਼ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਸਾਬਕਾ ਪੰਚ ਸ਼ਿਵਚਰਨ ਸਿੰਘ ਤੇ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿਰਫ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਸਿਹਤ ਸਹੂਲਤਾਂ ਦੇ ਦਾਅਵੇ ਕਰਨ ਨਾਲ ਲੋਕਾਂ ਦਾ ਇਲਾਜ ਨਹੀਂ ਹੁੰਦਾ ਬਲਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ। ਇਸ ਮੌਕੇ ਜਗਸੀਰ ਸਿੰਘ ਜੱਗਾ, ਜਸਵੀਰ ਸਿੰਘ, ਬੇਅੰਤ ਸਿੰਘ, ਗਗਨ ਸਿੰਘ, ਸੌਰਵ ਕੁਮਾਰ, ਨਾਇਬ ਸਿੰਘ ਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ।