ਚੰਗੀ ਸਿਹਤ ਹੀ ਸਭ ਤੋਂ ਵੱਡਾ ਧਨ : ਡਾ. ਮਹੀਪ ਕੌਰ
ਚੰਗੀ ਸਿਹਤ ਹੀ ਸਭ ਤੋਂ ਵੱਡਾ ਧਨ : ਡਾ. ਮਹੀਪ ਕੌਰ
Publish Date: Wed, 08 Apr 2026 03:52 PM (IST)
Updated Date: Wed, 08 Apr 2026 03:56 PM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਿਵਲ ਸਰਜਨ ਡਾ. ਅਮਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਭਵਾਨੀਗੜ੍ਹ ਡਾ. ਮਹੀਪ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਭਵਾਨੀਗੜ੍ਹ ਦੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਸਿਹਤ ਦਿਵਸ੍ਯ (ਸਿਹਤ ਨਾਲ ਇਕਜੁੱਟ, ਵਿਗਿਆਨ ਦੇ ਨਾਲ ਖੜ੍ਹੋ) ਵਿਸ਼ੇ ’ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੈਡੀਕਲ ਚੈੱਕਅਪ ਕੈਂਪ ਲਾਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸਿਹਤਮੰਦ ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਵਿਅਕਤੀ ਸਰੀਰਕ, ਸਮਾਜਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਜੀਵਨ-ਸ਼ੈਲੀ ਅਤੇ ਖਾਣ-ਪੀਣ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੰਕ ਫੂਡ ਅਤੇ ਫਾਸਟ ਫੂਡ ਤੋਂ ਗੁਰੇਜ਼ ਕਰ ਕੇ ਘਰ ਦਾ ਬਣਿਆ ਖਾਣਾ, ਮੌਸਮੀ ਫ਼ਲ, ਸਬਜ਼ੀਆਂ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਚੰਗੀ ਸਿਹਤ ਹੀ ਸਭ ਤੋਂ ਵੱਡਾ ਧਨ ਹੈ। ਡਾ. ਮਹੀਪ ਕੌਰ ਨੇ ਦੱਸਿਆ ਕਿ ਇਨਸਾਨ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ 30 ਮਿੰਟ ਸਰੀਰਕ ਕਸਰਤ, ਯੋਗਾ, ਸੈਰ, ਖੇਡਾਂ ਜਾਂ ਸਾਈਕਲਿੰਗ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਹਵਾ ਅਤੇ ਪਾਣੀ ਸ਼ੁੱਧ ਹੋਵੇ ਜੋ ਸਿਹਤ ਲਈ ਵਰਦਾਨ ਸਿੱਧ ਹੋਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਬੀਈਈ ਨੇ ਦੱਸਿਆ ਕਿ ਸਿਹਤ ਦਿਵਸ ਮਨਾਉਣ ਦਾ ਮਕਸਦ ਸਾਰੀਆਂ ਨੂੰ ਆਪਣੀ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਹੈ। ਜਿਸ ਲਈ ਸਾਨੂੰ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਮੌਸਮ ਅਨੁਸਾਰ ਫਲ, ਸਬਜੀਆਂ, ਅਨਾਜ ਅਤੇ ਦਾਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜਿਆਦਾ ਤਲੀਆਂ ਮਸਾਲੇਦਾਰ ਚੀਜ਼ਾਂ, ਫਾਸਟ ਫੂਡ ਆਦਿ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।