ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣਾ ਸਮੇਂ ਦੀ ਲੋੜ
ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣਾ ਸਮੇਂ ਦੀ ਲੋੜ
Publish Date: Wed, 28 Jan 2026 04:38 PM (IST)
Updated Date: Wed, 28 Jan 2026 04:40 PM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਪੰਜਾਬੀ ਮਾਂ ਬੋਲੀ ਦੀ ਧਾਂਕ ਵੱਖਰੀ ਹੈ। ਸਾਡੇ ਸੱਭਿਆਚਾਰ, ਰਹਿਣ ਸਹਿਣ ਤੇ ਪੰਜਾਬੀ ਬੋਲੀ ਦੀ ਆਪਣੀ ਵੱਖਰੀ ਪਛਾਣ ਹੈ ਪਰ ਅਸੀਂ ਅੰਗਰੇਜ਼ੀ ਨੂੰ ਹੀ ਸਭ ਕੁਝ ਮੰਨ ਕੇ ਕੁਝ ਸਮੇਂ ਤੋਂ ਅਸੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹੋ, ਜੋ ਪੰਜਾਬ ਤੇ ਪੰਜਾਬੀਅਤ ਲਈ ਖ਼ਤਰਾ ਹੈ, ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਲਾਕੇ ਦੇ ਵੱਖ-ਵੱਖ ਆਗੂਆਂ ਨੇ ਇਸ ਮੁੱਦੇ ’ਤੇ ਕੀਤੀ ਚਰਚਾ। ਮਾਂ ਬੋਲੀ ਤੇ ਸੱਭਿਆਚਾਰ ਨੂੰ ਬਚਾਉਣਾ ਜ਼ਰੂਰੀ : ਗੁੰਮਟੀ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਮਾਂ ਬੋਲੀ ਦਿਵਸ ਮਨਾਉਂਦੇ ਹਨ, ਜਿਸ ਦਾ ਉਦੇਸ਼ ਵਿਸ਼ਵ ਵਿੱਚ ਵੱਖ-ਵੱਖ ਸੱਭਿਆਚਾਰ ਅਤੇ ਭਾਸ਼ਾਈ ਵਿਭਿੰਨਤਾਵਾਂ ਨੂੰ ਉਤਸ਼ਾਹਤ ਕਰਨਾ ਹੈ। ਜਿੱਥੇ ਮਾਂ ਬੋਲੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਇੱਕ ਰੂਪ ਪ੍ਰਦਾਨ ਕਰਕੇ ਉੱਚੀ ਉਡਾਰੀ ਭਰਨ ਦੀ ਤਾਂਘ ਪੈਦਾ ਕਰਦੀ ਹੈ, ਉੱਥੇ ਦੂਸਰੀਆਂ ਭਾਸ਼ਾਵਾਂ ਪ੍ਰਤੀ ਸਤਿਕਾਰ, ਸਿੱਖਣ ਦਾ ਹੁਨਰ ਅਤੇ ਸਾਖ਼ਰ ਸਮਾਜ ਦੀ ਸਿਰਜਣਾ ਲਈ ਵੀ ਸਹਾਈ ਹੁੰਦੀ ਹੈ। ਮਾਂ ਬੋਲੀ ਤੇ ਸੱਭਿਆਚਾਰ ਸਾਡੀ ਪਛਾਣ : ਖੇੜੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਦੇ ਆਗੂ ਮਾ. ਕੁਲਵਿੰਦਰ ਸਿੰਘ ਖੇੜੀ ਨੇ ਕਿਹਾ ਕਿ ਮਾਤ ਭਾਸ਼ਾ ਮਾਂ ਬੋਲੀ ਹੁੰਦੀ ਹੈ, ਜਿਸ ਦਾ ਆਧਾਰ ਹੈ ਆਪਣੀ ਮਾਂ ਦੀ ਗੋਦੀ ਵਿਚ ਬੈਠ ਕੇ ਸਿੱਖੀ ਜਾਣ ਵਾਲੀ ਭਾਸ਼ਾ, ਜੋ ਕਿ ਸਾਨੂੰ ਲੋਰੀਆਂ ਵਿਚ ਮਿਲੀ ਹੋਵੇ। ਮਾਤ ਭਾਸ਼ਾ ਸਾਡੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਵਿਚ ਕਰ ਕੇ ਵੱਡਮੁੱਲੀ ਦਾਤ ਬਖਸ਼ੀ ਹੈ। ਸਾਨੂੰ ਲੋੜ ਹੈ ਵਿਰਸੇ ਵਿਚ ਮਿਲੀ ਮਾਤ ਭਾਸ਼ਾ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਸਾਧਨ : ਬੈਹਣੀਵਾਲ ਸਮਾਜ ਸੇਵੀ ਸਾਬਕਾ ਇੰਸਪੈਕਟਰ ਰਣਜੀਤ ਸਿੰਘ ਬੈਹਣੀਵਾਲ ਨੇ ਕਿਹਾ ਕਿ ਮਾਤ ਭਾਸ਼ਾ ਦਾ ਸਾਡੀ ਜ਼ਿੰਦਗੀ ਵਿਚ ਅਹਿਮ ਰੋਲ ਹੈ, ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ। ਭਾਸ਼ਾ ਕਿਸੇ ਕੌਮ ਦਾ ਵਿਰਸਾ ਹੁੰਦੀ ਹੈ। ਕਿਸੇ ਵੀ ਇਲਾਕੇ ਦੀ ਆਮ ਜਨਤਾ ਜਿਹੜੀ ਭਾਸ਼ਾ ਬੋਲਦੀ ਹੈ, ਉਸ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਜਦੋਂ ਕਿਸੇ ਦੁੱਖ-ਸੁੱਖ ਵਿਚ ਆਪ ਮੁਹਾਰੇ ਹੀ ਮਾਤ ਭਾਸ਼ਾ ਦੇ ਸ਼ਬਦ ਉਚਰਿਤ ਹੋ ਜਾਂਦੇ ਹਨ, ਇਹੋ ਮਾਤ ਭਾਸ਼ਾ ਦੀ ਮਹਾਨਤਾ ਹੈ। ਬਚਪਨ ਦੀ ਬੋਲੀ ਨਾਲ ਹੁੰਦਾ ਹੈ ਖਾਸ ਰਿਸ਼ਤਾ : ਸ਼ੇਰਪੁਰ ਸਾਬਕਾ ਡੀਐੱਚਓ ਡਾ. ਜਗਜੀਵਨ ਸਿੰਘ ਸ਼ੇਰਪੁਰ ਨੇ ਕਿਹਾ ਕਿ ਜਿਹੜੀ ਬੋਲੀ ਨੂੰ ਆਪਣੇ ਬਚਪਨ ਤੋਂ ਸਿੱਖਦੇ ਹਨ, ਉਸ ਨਾਲ ਸਾਡਾ ਪੱਕਾ, ਗੂੜ੍ਹਾ ਤੇ ਲੰਮਾ ਸਬੰਧ ਬਣ ਚੁੱਕਾ ਹੁੰਦਾ ਹੈ। ਜਿਸ ਬੋਲੀ ਦਾ ਸਾਡੇ ਨਾਲ ਮੁੱਢ ਤੋਂ ਸਬੰਧ ਹੁੰਦਾ ਹੈ, ਉਸ ਬੋਲੀ ਦੇ ਸ਼ਬਦਾਂ ਅਤੇ ਮੁਹਾਵਰਿਆਂ ਦੇ ਅਸੀਂ ਵੱਧ ਤੋਂ ਵੱਧ ਭਾਵ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਬੋਲੀ ਤੇ ਹਮੇਸ਼ਾ ਮਾਣ ਕਰੋ। ਕਿਸੇ ਵੀ ਇਨਸਾਨ ਦੀ ਪਛਾਣ ਮਾਤ ਭਾਸ਼ਾ ਹੀ ਹੁੰਦੀ : ਬੜੀ ਨੌਜਵਾਨ ਆਗੂ ਸਰਪੰਚ ਚੌਧਰੀ ਮਨਵੀਰ ਸਿੰਘ ਬੜੀ ਨੇ ਕਿਹਾ ਕਿ ਸਾਡੀ ਮਾਤ ਭਾਸ਼ਾ ਸਾਡੀ ਵਿਰਾਸਤ ਹੈ। ਕਿਹਾ ਜਾਂਦਾ ਹੈ ਕਿ ਕਿਸੇ ਦੇਸ਼ ਦੀ ਸੱਭਿਅਤਾ ਵੇਖਣੀ ਹੋਵੇ ਤਾਂ ਉਸ ਦੀ ਭਾਸ਼ਾ ਦੇਖੋ। ਉਨ੍ਹਾਂ ਕਿਹਾ ਜਿੱਥੇ ਭਾਸ਼ਾ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਨਹੀਂ ਮਿਲਿਆ ਉੱਥੋਂ ਦੀ ਸੱਭਿਅਤਾ ਵੀ ਵਿਕਸਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣੀ ਮਾਤ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਦੁਨੀਆ ਸਾਡੀ ਸੱਭਿਅਤਾ ਦੀ ਕਦਰ ਕਰ ਸਕੇ।