ਮੋਟਰਸਾਈਕਲਾਂ ਤੇ ਟਰੈਕਟਰ-ਟਾਰਲੀ ਦੀ ਟੱਕਰ ’ਚ 4 ਜ਼ਖ਼ਮੀ
ਮੋਟਰਸਾਇਕਲਾਂ ਤੇ ਟਰੈਕਟਰ ਟਾਰਲੀ ਦੀ ਟੱਕਰ ’ਚ ਚਾਰ ਜਖਮੀ
Publish Date: Mon, 06 Apr 2026 06:40 PM (IST)
Updated Date: Tue, 07 Apr 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਨੇੜੇ ਗੁਰੂ ਘਰ ਬਾਬਾ ਫੌ਼ਜਾ ਸਿੰਘ, ਨਵੀਂ ਦਾਣਾ ਮੰਡੀ ਕੋੜ ਦੂਨਾ ਵਿਖੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਦੋ ਮੋਟਰਸਾਈਕਲਾਂ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਰੂਟ ਨੰਬਰ 8837 ’ਤੇ ਇਕ ਰਾਹਗੀਰ ਵੱਲੋਂ ਹਾਦਸੇ ਦੀ ਸੂਚਨਾ ਮਿਲਣ ’ਤੇ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲਾਂ ਜੋ ਧਨੌਲਾ ਤੋਂ ਮੱਤੀ ਵੱਲ ਆ ਰਹੇ ਸਨ, ਇਕ ਅੱਗੇ ਜਾ ਰਹੀ ਸਵਰਾਜ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟਰੈਕਟਰ ਚਾਲਕ ਮਨਜਿੰਦਰ ਸਿੰਘ ਵਾਸੀ ਬਦਰਾ ਨੇ ਬਿਨਾਂ ਧਿਆਨ ਦਿੱਤੇ ਕਥਿੱਤ ਤੌਰ ’ਤੇ ਅਚਾਨਕ ਸੱਜੇ ਪਾਸੇ ਮੋੜ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ’ਚ ਜੰਗ ਬਹਾਦਰ, ਗੁਰਵੀਰ ਸਿੰਘ, ਗੁਰਪਿਆਰ ਸਿੰਘ ਤੇ ਜਸਕਰਨ ਸਿੰਘ (ਸਾਰੇ ਵਾਸੀ ਭਠਲਾਂ) ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਟੀਮ ਵੱਲੋਂ ਮੌਕੇ ’ਤੇ ਮੁਢਲੀ ਸਹਾਇਤਾ ਦੇ ਕੇ ਲੋਕਾਂ ਦੀ ਮਦਦ ਨਾਲ ਸਰਕਾਰੀ ਵਾਹਨ ਰਾਹੀਂ ਸਿਵਲ ਹਸਪਤਾਲ ਧਨੌਲਾ ’ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਅਨੁਸਾਰ ਜੰਗ ਬਹਾਦਰ, ਗੁਰਵੀਰ ਸਿੰਘ ਤੇ ਗੁਰਪਿਆਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੜਕ ਸੁਰੱਖਿਆ ਟੀਮ ਵੱਲੋਂ ਹਾਦਸੇ ਤੋਂ ਬਾਅਦ ਸੜਕ ’ਤੇ ਪਏ ਵਾਹਨਾਂ ਨੂੰ ਸਾਈਡ ’ਤੇ ਕਰਕੇ ਟਰੈਫਿਕ ਨੂੰ ਮੁੜ ਸੁਚਾਰੂ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਥਾਣਾ ਧਨੌਲਾ ਨੂੰ ਦੇ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਜਾਰੀ ਹੈ। ਇਸ ਮੌਕੇ ਏਐੱਸਆਈ ਅਮਰੀਕ ਸਿੰਘ ਦੇ ਨਾਲ ਲੇਡੀ ਕਾਂਸਟੇਬਲ ਵੀਰਪਾਲ ਕੌਰ ਤੇ ਲੇਡੀ ਕਾਂਸਟੇਬਲ ਜਸ਼ਨਦੀਪ ਕੌਰ ਵੀ ਮੌਜੂਦ ਸਨ।