ਭਾਰਤ ਮਾਲਾ ਐਕਸਪ੍ਰੈੱਸਵੇਅ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ
ਪਿੰਡ ਗਾਗੇਵਾਲ ਸੱਦੋਵਾਲ ਅਤੇ ਮੂੰਮ ਵਿਖੇ ਭਾਰਤ ਮਾਲਾ ਐਕਸਪ੍ਰੈੱਸਵੇਅ ਵਿਰੁੱਧ ਕਿਸਾਨਾਂ ਦਾ ਸੰਘਰਸ਼ ਚੌਥੇ ਦਿਨ ਵੀ ਰਿਹਾ ਜਾਰੀ
Publish Date: Fri, 27 Mar 2026 05:14 PM (IST)
Updated Date: Sat, 28 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਭਾਰਤ ਮਾਲਾ ਪ੍ਰਾਜੈਕਟ ਹੇਠ ਬਣ ਰਹੇ ਜੈਪੁਰ–ਕੱਟੜਾ ਐਕਸਪ੍ਰੈੱਸਵੇਅ ਲਈ ਜ਼ਮੀਨ ਦੇ ਘੱਟ ਮੁਆਵਜ਼ੇ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡਾਂ ’ਚ ਕਿਸਾਨਾਂ ਦਾ ਸੰਘਰਸ਼ ਚੌਥੇ ਦਿਨ ਵੀ ਜਾਰੀ ਰਿਹਾ। ਪਿੰਡ ਗਾਗੇਵਾਲ ਸੱਦੋਵਾਲ ਤੇ ਮੂੰਮ ਨੂੰ ਕੇਂਦਰ ਬਣਾਕੇ ਆਲੇ–ਦੁਆਲੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਐਕਸਪ੍ਰੈੱਸਵੇਅ ਦਾ ਕੰਮ ਪੂਰੀ ਤਰ੍ਹਾਂ ਰੁਕਵਾ ਕੇ ਧਰਨਾ ਜਾਰੀ ਰੱਖਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ’ਚ ਸ਼ਾਮਲ ਕਿਸਾਨਾਂ ਨੇ ਦੋਸ਼ ਲਗਾਇਆ ਕਿ ਜ਼ਮੀਨਾਂ ਦੇ ਮੁਆਵਜ਼ੇ ’ਚ ਜ਼ਿਲ੍ਹਾ ਅਨੁਸਾਰ ਭੇਦਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਇਲਾਕੇ ਦੇ ਕਿਸਾਨਾਂ ਨੂੰ ਨੇੜਲੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਇੱਕਸਾਰ ਅਤੇ ਮਾਰਕੀਟ ਦਰ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਐਕਸਪ੍ਰੈੱਸਵੇਅ ਬਣਨ ਨਾਲ ਖੇਤਾਂ ਦੇ ਟੁਕੜੇ ਹੋਣਗੇ, ਸਿੰਚਾਈ ਪ੍ਰਣਾਲੀ ਪ੍ਰਭਾਵਿਤ ਹੋਵੇਗੀ ਅਤੇ ਖੇਤੀਬਾੜੀ ਦੀ ਲਾਗਤ ਵਧੇਗੀ। ਕਈ ਕਿਸਾਨਾਂ ਦੀ ਜ਼ਮੀਨ ਵਿਚਕਾਰੋਂ ਕੱਟੀ ਜਾਣ ਕਾਰਨ ਖੇਤੀ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਆਉਣ-ਜਾਣ ਲਈ ਵਾਧੂ ਖਰਚੇ ਭਰਣੇ ਪੈਣਗੇ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਬਦਲੇ ਅਜੇ ਤੱਕ ਪੂਰਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਸ ਹੈ। ਧਰਨੇ ਦੌਰਾਨ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਸਰਕਾਰ ਵੱਲੋਂ ਮੰਗਾਂ ਨੂੰ ਲਿਖਤੀ ਰੂਪ ’ਚ ਮਨਜ਼ੂਰ ਨਹੀਂ ਕੀਤਾ ਜਾਂਦਾ, ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਐਕਸਪ੍ਰੈੱਸਵੇਅ ਦਾ ਕੰਮ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮਸਲੇ ਦਾ ਜਲਦੀ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ‘ਤੇ ਫੈਲਾਇਆ ਜਾਵੇਗਾ। ਇਸ ਮੌਕੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣ ਦਾ ਭਰੋਸਾ ਦਿੱਤਾ, ਪਰ ਕਿਸਾਨਾਂ ਨੇ ਕਿਹਾ ਕਿ ਉਹ ਸਿਰਫ਼ ਭਰੋਸਿਆਂ ਨਾਲ ਨਹੀਂ, ਸਗੋਂ ਪੱਕੇ ਫੈਸਲੇ ਅਤੇ ਲਿਖਤੀ ਭਰੋਸੇ ਨਾਲ ਹੀ ਸੰਤੁਸ਼ਟ ਹੋਣਗੇ।