ਜੰਗ ਦੇ ਮੱਦੇਨਜ਼ਰ ਲੋਕ ਪੈਟਰੋਲ ਪੰਪ ’ਤੇ ਡਰੰਮ ਲੈ ਕੇ ਪਹੁੰਚਣ ਲੱਗੇ
ਜੰਗ ਦੇ ਮੱਦੇਨਜ਼ਰ ਲੋਕ ਪੈਟਰੋਲ ਪੰਪ ਤੇ ਡਰੰਮ ਲੈਕੇ ਪਹੁੰਚਣ ਲੱਗੇ,ਆਮ ਦਿਨਾਂ ਵਾਂਗ ਤੇਲ ਦੀ ਦਿੱਤੀ ਜਾ ਰਹੀ ਸਪਲਾਈ-ਪੈਟਰੋਲ ਪੰਪ ਮਾਲਕ
Publish Date: Fri, 27 Mar 2026 04:49 PM (IST)
Updated Date: Sat, 28 Mar 2026 04:03 AM (IST)

ਆਮ ਦਿਨਾਂ ਵਾਂਗ ਤੇਲ ਦੀ ਦਿੱਤੀ ਜਾ ਰਹੀ ਸਪਲਾਈ-ਪੈਟਰੋਲ ਪੰਪ ਮਾਲਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਖੇਤਰ ਅੰਦਰ ਈਰਾਨ-ਇਜ਼ਰਾਈਲ ਜੰਗ ਦੇ ਚੱਲਦਿਆਂ ਗੈਸ, ਪੈਟਰੋਲ ਤੇ ਡੀਜ਼ਲ ਦੀ ਕਿੱਲਤ ਹੋਣ ਦੀਆਂ ਅਫ਼ਵਾਹਾਂ ਦਾ ਦੌਰ ਜਾਰੀ ਹੈ। ਇਸ ਤਹਿਤ ਲੋਕਾਂ ਵੱਲੋਂ ਪੈਟਰੋਲ ਪੰਪਾਂ ’ਤੇ ਢੋਲਾਂ ਦੇ ਢੋਲ ਲੈ ਕੇ ਪਹੁੰਚਿਆ ਜਾ ਰਿਹਾ ਹੈ ਤਾਂ ਜੋ ਤੇਲ ਦੀ ਕਿਤੇ ਥੁੜ ਨਾ ਪੈ ਸਕੇ। ਜਿਸ ਨੂੰ ਲੈ ਕੇ ਤਪਾ ਸ਼ਹਿਰ ਦੇ ਪੈਟਰੋਲ ਪੰਪਾਂ ’ਤੇ ਲੋਕਾਂ ਤੇ ਕਿਸਾਨਾਂ ਵੱਲੋਂ ਵੱਡੇ-ਵੱਡੇ ਡਰੰਮ ਟਰੈਕਟਰਾਂ ’ਤੇ ਲਿਆਂਦੇ ਜਾ ਰਹੇ ਹਨ। ਟਰੈਕਟਰਾਂ ’ਤੇ ਤੇਲ ਦੇ ਡਰੰਮ ਲੈ ਕੇ ਪਹੁੰਚੇ ਕਿਸਾਨਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਤੇ ਗੈਸ ਦੀ ਕਿਲੱਤ ਵਾਂਗੂੰ ਤੇਲ ਦੀ ਕਮੀ ਜਾਂ ਤੇਲ ਦੀਆਂ ਕੀਮਤਾਂ ’ਚ ਵਾਧਾ ਨਾ ਹੋ ਜਾਵੇ, ਜਿਸ ਕਰਕੇ ਤੇਲ ਭਰਵਾਇਆ ਜਾ ਰਿਹਾ ਹੈ। ਕਿਉਂਕਿ ਕੁੱਝ ਦਿਨਾਂ ਤੱਕ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਜੋ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਪੈਟਰੋਲ ਪੰਪ ਮਾਲਕ ਕੈਂਪਾਂ ਬਾਂਸਲ ਦਾ ਕਹਿਣਾ ਹੈ ਕਿ ਪੈਟਰੋਲ ਤੇ ਡੀਜ਼ਲ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕਿੱਲਤ ਨਹੀਂ ਤੇ ਤੇਲ ਕੰਪਨੀਆਂ ਵੱਲੋਂ ਹਰ ਰੋਜ਼ ਲੋੜ ਮੁਤਾਬਿਕ ਪੈਟਰੋਲ ਪੰਪਾਂ ਨੂੰ ਪੈਟਰੋਲ-ਡੀਜ਼ਲ ਦੀ ਨਿਰਵਿਘਨ ਸਪਲਾਈ ਭੇਜੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੋ ਆ ਕੇ ਤਿੰਨ ਚਾਰ ਸੌ ਲੀਟਰ ਡੀਜਲ ਦੀ ਮੰਗ ਕਰਦੇ ਹਨ ਉਨ੍ਹਾਂ ਨੂੰ 100 ਲੀਟਰ ਤੋਂ ਵੱਧ ਡੀਜ਼ਲ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਡੀਜ਼ਲ ਤੇ ਪੈਟਰੋਲ ਦੀ ਕੋਈ ਵੀ ਕਿੱਲਤ ਨਹੀਂ ਹੈ। ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਅਫਵਾਹਾਂ ਵੱਲ ਧਿਆਨ ਨਾ ਦੇਣ ਕਿਉਂਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਤੇਲ ਦੀ ਜਮ੍ਹਾਂਖੋਰੀ ਕਰਨ ਦੇ ਵਿੱਚ ਲੱਗੇ ਹੋਏ ਹਨ ਤਾਂ ਜੋ ਕਿਤੇ ਤੇਲ ਦੀ ਕਿੱਲਤ ਨਾ ਆ ਜਾਵੇ ਪਰ ਅਜਿਹੀ ਕੋਈ ਵੀ ਸਮੱਸਿਆ ਆਉਣ ਵਾਲੇ ਸਮੇਂ ’ਚ ਨਹੀਂ ਆਵੇਗੀ।