ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਣਕ ਦੀ ਖੜ੍ਹੀ ਫਸਲ ਵਿਛਣ ਕਾਰਨ ਕਿਸਾਨ ਚਿੰਤਤ
ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਣਕ ਦੀ ਖੜ੍ਹੀ ਫਸਲ ਵਿਛਣ ਕਾਰਨ ਕਿਸਾਨ ਚਿੰਤਤ
Publish Date: Sun, 15 Mar 2026 06:04 PM (IST)
Updated Date: Mon, 16 Mar 2026 04:10 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿਛਲੀ ਰਾਤ ਚੱਲੀ ਅਚਾਨਕ ਤੇਜ਼ ਹਵਾਵਾਂ ਨੇ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਕਈ ਥਾਵਾਂ ’ਤੇ ਹਵਾ ਦੇ ਜ਼ੋਰ ਨਾਲ ਕਣਕ ਦੀ ਖੜ੍ਹੀ ਫਸਲ ਵਿੱਛ ਗਈ ਹੈ, ਜਿਸ ਕਾਰਨ ਕਿਸਾਨਾਂ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਿਸਾਨ ਹਰਦੇਵ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਗੁਰਨਾਮ ਸਿੰਘ, ਹਰਮੇਲ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਫਸਲ ਇਸੇ ਤਰ੍ਹਾਂ ਜ਼ਮੀਨ ’ਤੇ ਵਿੱਛ ਗਈ ਤਾਂ ਇਸ ਨਾਲ ਪੈਦਾਵਾਰ ਘਟਣ ਦੀ ਸੰਭਾਵਨਾ ਵੱਧ ਸਕਦੀ ਹੈ ਅਤੇ ਕਟਾਈ ਸਮੇਂ ਵੀ ਮੁਸ਼ਕਿਲ ਆਵੇਗੀ। ਇਸ ਦੌਰਾਨ ਮੌਸਮ ’ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲਿਆ ਹੈ। ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਧੁੱਪ ਤੇ ਵਧਦੀ ਗਰਮੀ ਤੋਂ ਬਾਅਦ ਹਵਾ ਚੱਲਣ ਨਾਲ ਮੌਸਮ ’ਚ ਹਲਕੀ ਠੰਢਕ ਮਹਿਸੂਸ ਕੀਤੀ ਗਈ। ਹਾਲਾਂਕਿ ਤੇਜ਼ ਹਵਾਵਾਂ ਦੇ ਕਾਰਨ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀਆਂ ਉਮੀਦਾਂ ’ਤੇ ਅਸਰ ਪੈ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਪੱਕਣ ਦੇ ਮੋੜ ’ਤੇ ਹੈ ਤੇ ਜੇ ਮੌਸਮ ਖ਼ਰਾਬ ਰਿਹਾ ਤਾਂ ਉਤਪਾਦਨ ’ਤੇ ਇਸਦਾ ਸਿੱਧਾ ਅਸਰ ਪੈ ਸਕਦਾ ਹੈ।