ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਪੱਖੋਕੇ ਗਰਿੱਡ ਅੱਗੇ ਕੀਤਾ ਰੋਸ ਪ੍ਰਦਰਸ਼ਨ
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਪੱਖੋਕੇ ਗਰਿੱਡ ਅੱਗੇ ਕੀਤਾ ਰੋਸ ਪ੍ਰਦਰਸ਼ਨ
Publish Date: Thu, 05 Mar 2026 05:56 PM (IST)
Updated Date: Fri, 06 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਆਪਣੇ ਖੇਤਾਂ ’ਚ ਲੱਗ ਰਹੇ ਭਾਰੀ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪੱਖੋਕੇ ਪਾਵਰ ਗਰਿੱਡ ਤੇ ਸੂਬਾ ਸਰਕਾਰ ਤੇ ਪਾਵਰਕਾਮ ਵਿਰੁੱਧ ਨਾਅਰੇਬਾਜ਼ੀ ਕੀਤੀ। ਸੰਗਠਨ ਦੇ ਬਲਾਕ ਪ੍ਰਧਾਨਾਂ ਦਰਸ਼ਨ ਸਿੰਘ ਚੀਮਾ ਤੇ ਜਗਸੀਰ ਸਿੰਘ ਕਾਲਾ ਜਗਜੀਤਪੁਰਾ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਕਿਸਾਨਾਂ ਨੂੰ ਰੋਜ਼ਾਨਾ 6 ਤੋਂ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੀ ਹੈ, ਉੱਥੇ ਹੀ 4 ਤੋਂ 5 ਘੰਟੇ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦੁਪਹਿਰ 1:30 ਵਜੇ ਨਿਰਧਾਰਤ ਬਿਜਲੀ ਸਪਲਾਈ ਦੀ ਬਜਾਇ ਖੇਤਾਂ ਨੂੰ ਸਿਰਫ਼ 1.5 ਤੋਂ 2 ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਕਣਕ ਦੀ ਫਸਲ ਨੂੰ ਇਸ ਸਮੇਂ ਅੰਤਿਮ ਸਿੰਚਾਈ ਦੀ ਲੋੜ ਹੈ, ਜੋ ਕਿ 10 ਮਾਰਚ ਤੱਕ ਜ਼ਰੂਰੀ ਹੈ। ਸਮੇਂ ਸਿਰ ਬਿਜਲੀ ਸਪਲਾਈ ਦੀ ਘਾਟ ਸਿੰਚਾਈ ਦੇ ਕੰਮ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਫਸਲਾਂ ਦੇ ਨੁਕਸਾਨ ਦਾ ਖ਼ਤਰਾ ਵਧਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬਿਜਲੀ ਕੱਟ ਤੁਰੰਤ ਬੰਦ ਕੀਤੇ ਜਾਣ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਕਿਸਾਨ ਬਾਦਲ ਸਿੰਘ, ਗੁਰਨਾਮ ਸਿੰਘ ਚੀਮਾ, ਭੋਲਾ ਸਿੰਘ ਪੱਖੋਕੇ, ਨਿਰਮਲ ਸਿੰਘ, ਰਣਜੀਤ ਸਿੰਘ, ਚੰਦ ਸਿੰਘ, ਪ੍ਰਗਟ ਸਿੰਘ, ਗੁਲਜ਼ਾਰ ਸਿੰਘ ਅਤੇ ਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ। ਇਸ ਦੌਰਾਨ, ਸਬੰਧਤ ਪਾਵਰ ਗਰਿੱਡ ਦੇ ਜੇਈ, ਅਸ਼ੋਕ ਕੁਮਾਰ ਨੇ ਕਿਹਾ ਕਿ ਪਟਿਆਲਾ ਦਫਤਰ ਤੋਂ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ।