ਭਾਰਤ ਮਾਲਾ ਪ੍ਰਾਜੈਕਟ ਖ਼ਿਲਾਫ਼ ਕਿਸਾਨਾਂ ਦਾ ਰੋਸ
ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਦਾ ਰੋਸ
Publish Date: Mon, 05 Jan 2026 03:40 PM (IST)
Updated Date: Tue, 06 Jan 2026 04:00 AM (IST)

ਮਾਰਕੀਟ ਰੇਟ ਅਨੁਸਾਰ ਦੋ ਕਰੋੜ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਰੋਡ ਲਈ ਕਿਸਾਨਾਂ ਦੀਆਂ ਜ਼ਮੀਨਾਂ ਲਏ ਜਾਣ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਪਿੰਡ ਗਹਿਲ ਤੋਂ ਛੀਨੀਵਾਲ ਖੁਰਦ ਤੇ ਗਹਿਲ ਤੋਂ ਨਰਾਇਣਗੜ੍ਹ–ਸੋਹੀਆ ਵਾਇਆ ਜਗਰਾਉਂ–ਹਠੂਰ ਨੂੰ ਜੋੜਦੀਆਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਸੜਕਾਂ ਦੇ ਦਰਮਿਆਨ ਕੱਢੇ ਜਾ ਰਹੇ ਭਾਰਤ ਮਾਲਾ ਪ੍ਰਾਜੈਕਟ ਦੇ ਵਿਰੋਧ ਵਿਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਏ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਬਿਨਾਂ ਕਿਸਾਨਾਂ ਦੀ ਸਹਿਮਤੀ ਤੋਂ ਘੱਟ ਸਰਕਾਰੀ ਰੇਟ ਦੇ ਕੇ ਜ਼ਮੀਨਾਂ ’ਚ ਜ਼ਬਰਦਸਤੀ ਮਿੱਟੀ ਪਾ ਕੇ ਕਬਜ਼ਾ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਰਕਾਰੀ ਰੇਟ ਦੀ ਬਜਾਏ ਮਾਰਕੀਟ ਰੇਟ ਅਨੁਸਾਰ ਘੱਟੋ-ਘੱਟ ਦੋ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕਿਸਾਨ ਆਗੂਆਂ ਤੇ ਉਨ੍ਹਾਂ ਕਿਸਾਨਾਂ, ਜਿਨ੍ਹਾਂ ਨੇ ਹਾਲੇ ਤਕ ਮੁਆਵਜ਼ਾ ਨਹੀਂ ਚੁੱਕਿਆ, ਨੇ ਇਕ ਸੁਰ ਵਿਚ ਐਲਾਨ ਕੀਤਾ ਕਿ ਜਦੋਂ ਤਕ ਦੋ ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਪੂਰਾ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤਕ ਉਹ ਆਪਣੀਆਂ ਜ਼ਮੀਨਾਂ ਨਹੀਂ ਛੱਡਣਗੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ 7 ਜਨਵਰੀ ਤੋਂ ਪਿੰਡ ਗਹਿਲ ਕੋਲ ਪ੍ਰਾਜੈਕਟ ਸਥਾਨ ’ਤੇ ਦਿਨ-ਰਾਤ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਜਸਪ੍ਰੀਤ ਸਿੰਘ ਗਹਿਲ, ਬਲਦੇਵ ਸਿੰਘ, ਮੱਖਣ ਸਿੰਘ, ਬਲਜਿੰਦਰ ਸਿੰਘ, ਮਹਿਮਾ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਲਗਭਗ 15 ਏਕੜ ਜ਼ਮੀਨ ਇਸ ਪ੍ਰੋਜੈਕਟ ਦੀ ਲਪੇਟ ’ਚ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਰਖ਼ਤਾਂ, ਬੋਰਾਂ, ਟਿਊਬਵੈੱਲਾਂ ਅਤੇ ਬਿਜਲੀ ਕਨੈਕਸ਼ਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ, ਪ੍ਰੋਜੈਕਟ ਹੇਠ ਦੱਬੀਆਂ ਜਾ ਰਹੀਆਂ ਪੁਲੀਆਂ ਬਹੁਤ ਛੋਟੀਆਂ ਹਨ, ਜਿਸ ਕਾਰਨ ਭਵਿੱਖ ਵਿੱਚ ਫਸਲਾਂ ਦੀ ਸਿੰਚਾਈ ਦੌਰਾਨ ਪਾਣੀ ਦੀ ਨਿਕਾਸੀ ’ਚ ਭਾਰੀ ਦਿੱਕਤਾਂ ਆਉਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਮਜਬੂਰੀਵਸ਼ ਮੁਆਵਜ਼ਾ ਰਕਮ ਚੁੱਕੀ ਗਈ ਹੈ, ਪਰ ਅਜੇ ਵੀ ਵੱਡੀ ਗਿਣਤੀ ’ਚ ਕਿਸਾਨਾਂ ਨੇ ਪੈਸੇ ਨਹੀਂ ਲਏ। ਸਾਰੇ ਕਿਸਾਨਾਂ ਦੀ ਸਾਂਝੀ ਮੰਗ ਹੈ ਕਿ ਜਮੀਨਾਂ ਦੇ ਦੋ-ਫਾੜ ਹੋਣ ਨਾਲ ਪੈਦਾ ਹੋਣ ਵਾਲੇ ਨੁਕਸਾਨ ਦਾ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਭਾਕਿਉ (ਉਗਰਾਹਾਂ) ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਗਹਿਲ ਨੇ ਸਪਸ਼ਟ ਕੀਤਾ ਕਿ ਜਥੇਬੰਦੀ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਮੀਨਾਂ ਵਿੱਚ ਧੱਕੇ ਨਾਲ ਮਿੱਟੀ ਪਾਉਣ ਦਾ ਪਤਾ ਲੱਗਦਿਆ ਹੀ ਕਿਸਾਨਾਂ ਨੇ ਇਕੱਠੇ ਹੋ ਕੇ ਸੰਘਰਸ਼ ਕਰਕੇ ਮਿੱਟੀ ਪਾਉਣ ਤੋਂ ਕੰਮ ਰੋਕਿਆ ਗਿਆ ਇਸ ਮੌਕੇ ਕਿਸਾਨ ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਜਗਜੀਤ ਸਿੰਘ, ਪਿਰਤਪਾਲ ਸਿੰਘ, ਬੂਟਾ ਸਿੰਘ, ਖੁਸ਼ਕਰਨ ਸਿੰਘ, ਕੁਲਵੰਤ ਸਿੰਘ, ਚਰਨ ਸਿੰਘ, ਊਤਮ ਸਿੰਘ, ਭਰਪੂਰ ਸਿੰਘ, ਜਰਨੈਲ ਸਿੰਘ, ਚਮਕੌਰ ਸਿੰਘ, ਮਲਕੀਤ ਸਿੰਘ, ਹਾਕਮ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ ।