ਖੇਤੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ 15 ਤੱਕ ਕਰੋਂ ਆਨਲਾਈਨ ਅਪਲਾਈ : ਡਾ. ਗਿੱਲ
ਖੇਤੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਬਰਨਾਲਾ ਦੇ ਕਿਸਾਨ 15 ਮਈ ਤੱਕ ਕਰਨ ਆਨਲਾਈਨ ਅਪਲਾਈ: ਡਾ. ਸੁਖਪਾਲ ਸਿੰਘ ਗਿੱਲ
Publish Date: Fri, 24 Apr 2026 03:47 PM (IST)
Updated Date: Sat, 25 Apr 2026 04:01 AM (IST)

ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਖ-ਵੱਖ ਖੇਤੀ ਮਸ਼ੀਨਾਂ ’ਤੇ ਸਰਕਾਰ ਵੱਲੋਂ ਵਿੱਤੀ ਸਹਾਇਤਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਧੁਨਿਕ ਖੇਤੀ ਨਾਲ ਜੋੜਨ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀ ‘ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ, ਨਿੱਜੀ ਕਿਸਾਨ, ਕਸਟਮ ਹਾਈਰਿੰਗ ਸੈਂਟਰ ਅਤੇ ਪੰਚਾਇਤਾਂ, ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮੈਮ ਅਤੇ ਕ੍ਰਾਪ ਰੈਜ਼ਿਡਿਊ ਮੈਨੇਜਮੈਂਟ ਸਕੀਮਾਂ ਹੇਠ ਪਰਾਲੀ ਪ੍ਰਬੰਧਨ ਲਈ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਸੁਪਰ ਸੀਡਰ, ਸਟ੍ਰਾ ਰੀਪਰ, ਜ਼ੀਰੋ ਟਿੱਲ ਡ੍ਰਿਲ, ਬੇਲਰ, ਰੇਕ, ਸਰਫੇਸ ਸੀਡਰ ਅਤੇ ਪੈਡੀ ਸਟਰਾਅ ਚੌਪਰ/ਸ਼ਰੇਡਰ ਆਦਿ ਮਸ਼ੀਨਾਂ ‘ਤੇ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੀ.ਡੀ.ਪੀ. ਸਕੀਮ ਹੇਠ ਫ਼ਸਲੀ ਵਿਭਿੰਨਤਾ ਲਈ ਨੂਮੈਟਿਕ ਪਲਾਂਟਰ, ਮੇਜ਼ ਸ਼ੈਲਰ, ਸ਼ੂਗਰਕੇਨ ਹਰਵੇਸਟਰ/ਪਲਾਂਟਰ, ਗਰਾਊਂਡਨਟ ਡਿੱਗਰ, ਕਾਟਨ ਪਲਾਂਟਰ ਅਤੇ ਮਲਟੀ ਕਰਾਪ ਥਰੈਸ਼ਰ ਆਦਿ ਮਸ਼ੀਨਾਂ ‘ਤੇ ਵੀ ਸਬਸਿਡੀ ਉਪਲਬਧ ਹੈ। ਇਸ ਦੇ ਨਾਲ ਹੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਐਸ.ਆਰ ਮਸ਼ੀਨ, ਪੈਡੀ ਟਰਾਂਸਪਲਾਂਟਰ, ਹਾਈ ਕਲੀਅਰੈਂਸ ਬੂਮ ਸਪਰੇਅਰ, ਨਰਸਰੀ ਸੀਡਰ ਅਤੇ ਪੀ.ਟੀ.ਓ. ਉਪਰੇਟਿਡ ਫਰਟੀਲਾਈਜ਼ਰ ਸਪਰੈਡਰ ਆਦਿ ਆਧੁਨਿਕ ਮਸ਼ੀਨਾਂ ਲਈ ਵੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮੈਮ ਅਤੇ ਸੀ.ਡੀ.ਪੀ. ਸਕੀਮ ਲਈ ਅਪਲਾਈ ਕਰਨ ਦੀ ਪ੍ਰਕਿਰਿਆ 01 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 12 ਮਈ 2026 ਸ਼ਾਮ 5:00 ਵਜੇ ਤੱਕ ਜਾਰੀ ਰਹੇਗੀ। ਡਾ. ਗਿੱਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ, ਤਾਂ ਜੋ ਖੇਤੀ ਲਾਗਤਾਂ ’ਚ ਕਮੀ ਲਿਆਂਦੀ ਜਾ ਸਕੇ, ਲੇਬਰ ਦੀ ਬਚਤ ਹੋਵੇ ਅਤੇ ਪਾਣੀ ਦੀ ਸੰਭਾਲ ਕਰਕੇ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਨਾਲ ਖੇਤੀ ਹੋਰ ਲਾਭਕਾਰੀ ਬਣਦੀ ਹੈ ਅਤੇ ਸਮੇਂ ਦੀ ਵੀ ਬਚਤ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਆਨਲਾਈਨ ਅਰਜ਼ੀ ਭਰਨ ’ਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਬਰਨਾਲਾ ਸਥਿਤ ਖੇਤੀਬਾੜੀ ਇੰਜੀਨੀਅਰਿੰਗ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਹ ਸਕੀਮਾਂ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਦੀਆਂ ਹਨ, ਜਿਸ ਨਾਲ ਖੇਤੀ ਕਰਨੀ ਸੌਖੀ ਹੁੰਦੀ ਹੈ, ਖਰਚਾ ਘੱਟ ਹੁੰਦਾ ਹੈ ਅਤੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੁੰਦਾ ਹੈ, ਨਾਲ ਹੀ ਪਰਾਲੀ ਸਾੜਨ ਦੀ ਸਮੱਸਿਆ ਦਾ ਟਿਕਾਊ ਹੱਲ ਵੀ ਸੰਭਵ ਬਣਦਾ ਹੈ।