ਲਹਿਰਾਗਾਗਾ ਮੰਡੀ 'ਚ ਕਿਸਾਨਾਂ ਨੇ ਢੀਂਡਸਾ ਨੂੰ ਸੁਣਾਈਆਂ ਦੁੱਖ ਤਕਲੀਫਾਂ; ਕਣਕ ਦੀ ਚੋਰੀ ਅਤੇ ਖਰੀਦ 'ਚ ਦੇਰੀ ਦਾ ਚੁੱਕਿਆ ਮੁੱਦਾ
ਉਸ ਤੋਂ ਅਗਲੇ ਦਿਨ ਹੀ ਉਹਨਾਂ ਦੇ ਅਕਾਊਂਟ ਵਿੱਚ ਪੇਮੈਂਟ ਪਾ ਦਿੱਤੀ ਜਾਂਦੀ ਹੈ। ਜਦ ਕਿ ਹਕੀਕਤ ਇਹ ਹੈ ਕਿ ਪੰਜਾਬ ਦਾ ਅੰਨਦਾਤਾ ਮੰਡੀ ਵਿੱਚ ਰੁਲ ਰਿਹਾ ਹੈ ਸਰਕਾਰ ਨੇ ਅਜੇ ਤੱਕ ਇੱਕ ਦਾਣਾ ਵੀ ਮੰਡੀਆਂ ਵਿੱਚੋਂ ਖਰੀਦ ਨਹੀਂ ਕੀਤਾ। ਉਨ੍ਹਾਂ ਇਸੇ ਦੌਰਾਨ ਖਰੀਦ ਏਜੰਸੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ
Publish Date: Tue, 14 Apr 2026 03:25 PM (IST)
Updated Date: Tue, 14 Apr 2026 03:37 PM (IST)
ਸ਼ੰਭੂ ਗੋਇਲ,ਪੰਜਾਬੀ ਜਾਗਰਣ,ਲਹਿਰਾਗਾਗਾ : ਸਾਬਕਾ ਖਜ਼ਾਨਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰਮਿੰਦਰ ਸਿੰਘ ਢੀਂਡਸਾ ਨੇ ਅੱਜ ਅਨਾਜ ਮੰਡੀ ਲਹਿਰਾਗਾਗਾ ਵਿਖੇ ਪਹੁੰਚ ਕੇ ਪਿਛਲੇ ਅੱਠ ਦਿਨਾਂ ਤੋਂ ਕਣਕ ਦੀ ਫਸਲ ਵੇਚਣ ਲਈ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਿਆ ਅਤੇ ਕਣਕ ਦੀ ਸਰਕਾਰੀ ਖਰੀਦ ਹੁਣ ਤੱਕ ਸ਼ੁਰੂ ਨਾਂ ਹੋਣ 'ਤੇ ਆਪ ਸਰਕਾਰ ਉੱਪਰ ਸਵਾਲ ਉਠਾਏ । ਢੀਂਡਸਾ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਪਿਛਲੇ ਅੱਠ ਦਸ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ। ਕੋਈ ਵੀ ਸ੍ਰੀ ਖਰੀਦ ਏਜੰਸੀ ਮੰਡੀਆਂ ਵਿੱਚ ਨਹੀਂ ਆਈ ਅਤੇ ਸਰਕਾਰ ਆਨਾ ਬਹਾਨਾ ਬਣਾ ਰਹੀ ਹੈ।
ਉਨ੍ਹਾਂ ਆਪ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਇੱਕ ਪਾਸੇ ਦਿੱਲੀ ਵਾਲੇ ਲੀਡਰ ਦੇਸ਼ ਵਿੱਚ ਜਾ ਕੇ ਰੌਲਾ ਪਾਉਂਦੇ ਹਨ ਕਿ ਅਸੀਂ ਪੰਜਾਬ ਵਿੱਚ ਇੰਨਾ ਵਧੀਆ ਸਿਸਟਮ ਬਣਾ ਦਿੱਤਾ ਹੈ ਕਿ ਕਿਸਾਨ ਸਵੇਰੇ ਮੰਡੀ ਵਿੱਚ ਆਉਂਦਾ ਹੈ ਅਤੇ ਆਪਣੀ ਫਸਲ ਵੇਚਣ ਕੇ ਸ਼ਾਮ ਵੇਲੇ ਘਰ ਚਲਾ ਜਾਂਦਾ ਹੈ ਅਤੇ ਉਸ ਤੋਂ ਅਗਲੇ ਦਿਨ ਹੀ ਉਹਨਾਂ ਦੇ ਅਕਾਊਂਟ ਵਿੱਚ ਪੇਮੈਂਟ ਪਾ ਦਿੱਤੀ ਜਾਂਦੀ ਹੈ। ਜਦ ਕਿ ਹਕੀਕਤ ਇਹ ਹੈ ਕਿ ਪੰਜਾਬ ਦਾ ਅੰਨਦਾਤਾ ਮੰਡੀ ਵਿੱਚ ਰੁਲ ਰਿਹਾ ਹੈ ਸਰਕਾਰ ਨੇ ਅਜੇ ਤੱਕ ਇੱਕ ਦਾਣਾ ਵੀ ਮੰਡੀਆਂ ਵਿੱਚੋਂ ਖਰੀਦ ਨਹੀਂ ਕੀਤਾ। ਉਨ੍ਹਾਂ ਇਸੇ ਦੌਰਾਨ ਖਰੀਦ ਏਜੰਸੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਬਾਰੇ ਪੁੱਛਿਆ ਅਤੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸੇ ਦੌਰਾਨ ਕਿਸਾਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਵੀ ਦੱਸਿਆ ਕਿ ਮੰਡੀਆਂ ਵਿੱਚੋਂ ਹਰ ਰੋਜ਼ ਕਣਕ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ,ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭਟਾਲ, ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਜਗਦੀਸ਼ ਰਾਏ ਠੇਕੇਦਾਰ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਕੌਂਸਲਰ ਕਿਰਪਾਲ ਸਿੰਘ ਨਾਥਾ, ਸਾਬਕਾ ਕੌਂਸਲਰ ਮਹੇਸ਼ ਸ਼ਰਮਾ, ਸੱਤ ਪਾਲ ਪਾਲੀ, ਸੁਰੇਸ਼ ਕੁਮਾਰ ਪਾਲਾ, ਜਸਵੰਤ ਸਿੰਘ ਹੈਪੀ ਅਤੇ ਹੋਰ ਵੀ ਆਗੂ ਮੌਜੂਦ ਸਨ।