ਕਿਸਾਨਾਂ ਨੂੰ ਚਾਰ ਦਹਾਕਿਆਂ ਬਾਅਦ ਨਸੀਬ ਹੋਇਆ ਨਹਿਰੀ ਪਾਣੀ
ਕਿਸਾਨਾਂ ਨੂੰ ਚਾਰ ਦਹਾਕਿਆਂ ਬਾਅਦ ਨਸੀਬ ਹੋਇਆ ਨਹਿਰੀ
Publish Date: Wed, 07 Jan 2026 03:36 PM (IST)
Updated Date: Wed, 07 Jan 2026 03:39 PM (IST)

ਲਹਿਰਾਗਾਗਾ : ਸਥਾਨਕ ਹਲਕੇ ਨਾਲ ਸੰਬੰਧਿਤ ਮੂਨਕ ਮੰਡੀ ਅਤੇ ਆਸ ਪਾਸ ਦੇ ਪਿੰਡਾਂ ਨੂੰ 40 ਸਾਲਾਂ ਬਾਅਦ ਨਹਿਰੀ ਪਾਣੀ ਨਸੀਬ ਹੋਇਆ ਹੈ। ਇਸ ਸਬੰਧੀ ਉਦਘਾਟਨ ਪੰਜਾਬ ਦੇ ਕੈਬਨਿਟ ਅਤੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਕੀਤਾ। ਉਦਘਾਟਨ ਕਰਨ ਸਮੇਂ ਕਿਸਾਨਾਂ ਨੇ ਖੁਸ਼ੀ ਵਿੱਚ ਭੰਗੜੇ ਵੀ ਪਾਏ। ਮੰਤਰੀ ਗੋਇਲ ਨੇ ਦੱਸਿਆ ਕਿ ਇੱਕ ਕਰੋੜ 8 ਲੱਖ 67 ਹਜਾਰ ਰੁਪਏ ਦੀ ਲਾਗਤ ਨਾਲ ਮੂਨਕ, ਵਜੀਦਪੁਰ ਅਤੇ ਕੜੈਲ ਦੇ 2588 ਏਕੜ ਰਕਬੇ ਨੂੰ ਵੀਹਵੀਂ ਸਦੀ ਤੋਂ ਪਾਣੀ ਨਹੀਂ ਮਿਲ ਰਿਹਾ ਸੀ, ਜੋ ਚਾਰ ਦਹਾਕਿਆਂ ਬਾਅਦ ਇਨਾਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਇਨਰ ਨੰਬਰ 12 ਆਫ਼ ਲਾਡਬੰਜਾਰਾ ਦਾ ਕੰਮ ਵੀ ਮੁਕੰਮਲ ਹੋ ਚੁੱਕਿਆ ਹੈ ਜਿਸ ਨਾਲ ਪਿੰਡ ਕੜੈਲ ਦੇ ਲਗਭਗ 400 ਏਕੜ ਰਕਬੇ ਨੂੰ ਵੀ ਨਹਿਰੀ ਪਾਣੀ ਮਿਲੇਗਾ,ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਤਿਆਰ ਹੋਏ ਰਜਵਾਹੇ ਵਿੱਚ ਪਹਿਲੀ ਵਾਰ ਪਾਣੀ ਪਹੁੰਚਣ ਤੇ ਉੱਥੇ ਹਾਜ਼ਰ ਕਿਸਾਨਾਂ ਨੇ ਭੰਗੜੇ ਪਾਏ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਤਵੱਜੋ ਨਹੀਂ ਦਿੱਤੀ ਜਿਸ ਕਾਰਨ ਧਰਤੀ ਦਾ ਪਾਣੀ ਲਗਾਤਾਰ ਥੱਲੇ ਜਾਂਦਾ ਰਿਹਾ। ਹੁਣ ਹਰੇਕ ਖੇਤ ਤੱਕ ਪਾਣੀ ਪਹੁੰਚ ਰਿਹਾ ਹੈ ਜਿਸ ਕਾਰਨ ਕਿਸਾਨ ਖੁਸ਼ਹਾਲ ਹੈ। ਕਿਉਂਕਿ ਇਸ ਨਾਲ ਫਸਲ ਦੀ ਝਾੜ ਵਿੱਚ ਵੀ ਅਥਾਹ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਪ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਲਈ ਪੂਰੀ ਤਰ੍ਹਾਂ ਖਰੀ ਉਤਰੇਗੀ। ਇਸ ਮੌਕੇ ਮੰਤਰੀ ਗੋਇਲ ਦੇ ਓਐਸਡੀ ਰਕੇਸ਼ ਕੁਮਾਰ ਗੁਪਤਾ, ਸ਼ੈਲਰ ਐਸੋਸੀਏਸ਼ਨ ਲਹਿਰਾ ਦੇ ਪ੍ਰਧਾਨ ਚਰਨਜੀਤ ਸ਼ਰਮਾਂ, ਮੂਨਕ ਟਰੱਕ ਯੂਨੀਅਨ ਦੇ ਪ੍ਰਧਾਨ ਸਤੀਸ਼ ਕੁਮਾਰ, ਲਹਿਰਾ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ ਮੌਜੂਦ ਸਨ।