ਕਿਸਾਨ ਤੀਰਥ ਸਿੰਘ ਬਣਿਆ ਫਸਲੀ ਵਿਭਿੰਨਤਾ ਦਾ ਚਾਨਣ ਮੁਨਾਰਾ
ਕਿਸਾਨ ਤੀਰਥ ਸਿੰਘ ਬਣਿਆ ਫਸਲੀ ਵਿਭਿੰਨਤਾ ਦਾ ਚਾਨਣ ਮੁਨਾਰਾ
Publish Date: Wed, 07 Jan 2026 03:43 PM (IST)
Updated Date: Wed, 07 Jan 2026 03:44 PM (IST)
- ਪਿਆਜ਼ ਦੀ ਪਨੀਰੀ ਦੀ ਨਰਸਰੀ ਰਾਹੀਂ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿੰਡ ਸੰਦੋੜ ਦਾ ਅਗਾਂਹਵਧੂ ਕਿਸਾਨ ਤੀਰਥ ਸਿੰਘ ਜੋ ਪਿਛਲੇ ਕਰੀਬ 18 ਸਾਲਾਂ ਤੋਂ ਬਾਗਬਾਨੀ ਵਿਭਾਗ ਤੋਂ ਪ੍ਰੇਰਨਾ ਲੈ ਕੇ ਲਗਾਤਾਰ ਸਬਜੀਆਂ ਦੀ ਪਨੀਰੀ (ਨਰਸਰੀ) ਤਿਆਰ ਕਰ ਰਿਹਾ ਹੈ ਅਤੇ ਲਗਭਗ 4 ਏਕੜ ਜ਼ਮੀਨ ਵਿੱਚ ਪਿਆਜ, ਮਿਰਚ, ਸ਼ਿਮਲਾ ਮਿਰਚ ਅਤੇ ਫੁੱਲ ਗੋਭੀ ਦੀ ਪਨੀਰੀ ਲਗਾ ਕੇ ਚੰਗੀ ਆਮਦਨ ਹਾਸਲ ਕਰ ਰਿਹਾ ਹੈ। ਜਿਕਰਯੋਗ ਹੈ ਕਿ ਅਗਾਂਹਵਧੂ ਕਿਸਾਨ ਨੂੰ ਪੰਜਾਬ ਸਰਕਾਰ ਵੱਲ਼ੋਂ ਮੁੱਖ ਮੰਤਰੀ ਅਵਾਰਡ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਸਨਮਾਨ ਚਿੰਨ੍ਹ ਅਤੇ ਪੂਸਾ ਖੋਜ ਸੰਸਥਾ ਨਵੀਂ ਦਿੱਲੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਰਵਾਇਤੀ ਫਸਲਾਂ ਦੀ ਉਪਜਾਊ ਲਾਗਤ ਵਧਦੀ ਜਾ ਰਹੀ ਹੈ ਉੱਥੇ ਹੀ ਮੁਨਾਫਾ ਵੀ ਘੱਟ ਹੋ ਰਿਹਾ ਸੀ, ਜਿਸ ਕਾਰਨ ਉਸਨੇ ਬਾਗਬਾਨੀ ਵਿਭਾਗ ਦੀ ਸਲਾਹ ਨਾਲ ਪਿਆਜ਼ ਅਤੇ ਹੋਰ ਸਬਜੀਆਂ ਦੀ ਪਨੀਰੀ ਦੀ ਨਰਸਰੀ ਸ਼ੁਰੂ ਕੀਤੀ। ਮੌਜੂਦਾ ਸਮੇਂ ਵਿੱਚ ਉਸ ਦੀ ਪਨੀਰੀ ਦੀ ਮੰਗ ਆਪਣੇ ਇਲਾਕੇ ਵਿੱਚ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਦੇ ਕਿਸਾਨਾਂ ਵਿੱਚ ਵੀ ਕਾਫੀ ਵੱਧ ਗਈ ਹੈ ਅਤੇ ਕਰੀਬ 1500 ਕਿਸਾਨ ਸਬਜੀਆਂ ਦੀ ਪਨੀਰੀ ਲੈ ਕੇ ਚੰਗਾਂ ਝਾੜ ਪ੍ਰਾਪਤ ਕਰ ਰਹੇ ਹਨ। ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਪਨੀਰੀ ਰਾਹੀਂ ਉਸਨੂੰ ਲਗਾਤਾਰ ਆਮਦਨ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੈ ਕੇ ਰਿਵਾਇਤੀ ਫਸਲਾਂ ਤੋਂ ਇਲਾਵਾ ਨਵੇਂ ਵਿਕਲਪ ਅਪਣਾਉਣ।
ਇਸ ਸਬੰਧੀ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਹਰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਤਪਰ ਹੈ। ਬਾਗਬਾਨੀ ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸੈਲਿੰਦਰ ਕੌਰ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪੂਰੀ ਸਹਾਇਤਾ ਅਤੇ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀਆਂ ਮੁਹੱਈਆ ਕਰਵਾ ਰਿਹਾ ਹੈ।