- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ਕਰਨ ਦਾ ਐਲਾਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਦੇ ਵੱਲੋਂ 23 ਮਾਰਚ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ਵਿਖੇ ਸੂਬਾ ਪੱਧਰੀ ਸਾਮਰਾਜ ਵਿਰੋਧੀ ਕਾਨਫਰੰਸ ਕੀਤੀ ਜਾਵੇਗੀ। ਇਸ ਕਾਨਫਰੰਸ ’ਚ ਉਕਤ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਡੈਮੋਕਰੇਟਿਕ ਟੀਚਰ ਫਰੰਟ, ਡੈਮੋਕਰੇਟਿਕ ਮੁਲਾਜ਼ਮ ਫਰੰਟ , ਸਰਕਾਰੀ ਆਈਟੀਆਈ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ,ਮਨਜੀਤ ਸਿੰਘ ਧਨੇਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਬੁੱਟਰ ਮਨਜੀਤ ਸਿੰਘ ਪਵਿੱਤਰ ਸਿੰਘ ਲਾਲੀ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਦੱਸਿਆ ਗਿਆ ਕਿ ਇਹ ਕਾਨਫਰੰਸ ਐਸ ਕੇ ਐਮ ਅਤੇ ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਟਰੇਡ ਯੂਨੀਅਨਾਂ ਵੱਲੋਂ 23 ਮਾਰਚ ਦੇ ਦਿਹਾੜੇ ਨੂੰ "ਸਾਮਰਾਜ ਵਿਰੋਧੀ ਦਿਨ" ਵਜੋਂ ਮਨਾਉਣ ਦੇ ਕੀਤੇ ਸਾਂਝੇ ਫੈਸਲੇ ਦੇ ਤਹਿਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਆਖਿਆ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਵੱਲੋਂ ਦੇਸ਼ ਦੇ ਵਿੱਚੋਂ ਸਾਮਰਾਜੀ ਲੁੱਟ ਤੇ ਦਾਬੇ ਸਮੇਤ ਹਰ ਕਿਸਮ ਦੇ ਲੁੱਟ ਜਬਰ ਤੋਂ ਮੁਕਤ ਨਿਜ਼ਾਮ ਸਿਰਜਣ ਦੇ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ ਗਈ ਸੀ । ਪਰ ਅੱਜ ਦੇਸ਼ ਦੀ ਕੇਂਦਰੀ ਸਤਾ 'ਤੇ ਕਾਬਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਵੱਲੋਂ ਅਮਰੀਕਨ ਸਾਮਰਾਜ ਸਮੇਤ ਵੱਖ ਵੱਖ ਸਾਮਰਾਜੀ ਤਾਕਤਾਂ ਦੇ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ। ਉਹਨਾਂ ਆਖਿਆ ਕਿ ਭਾਵੇਂ ਸੰਨ ਸੰਤਾਲੀ ਦੀ ਸਤਾ ਬਦਲੀ ਤੋਂ ਬਾਅਦ ਵੀ ਭਾਰਤ ਸਾਮਰਾਜੀ ਮੁਲਕਾਂ ਦੇ ਲੁੱਟ ਤੇ ਦਾਬੇ ਦਾ ਸ਼ਿਕਾਰ ਤੁਰਿਆ ਆ ਰਿਹਾ ਹੈ ਪ੍ਰੰਤੂ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਇਸ ਲੁੱਟ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਲਈ ਆਏ ਦਿਨ ਨਵੇਂ ਨਵੇਂ ਕਾਨੂੰਨ ਘੜੇ ਜਾ ਰਹੇ ਹਨ ਅਤੇ ਲੋਕਾਂ ਦੀ ਨਾਮਤਰ ਸੁਰੱਖਿਆ ਕਰਦੇ ਕਾਨੂੰਨਾਂ 'ਚ ਧੜਾ - ਧੜ ਲੋਕ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ "ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਤਹਿਤ ਖੇਤੀ ਤੇ ਸਨਅਤ ਨੂੰ ਅਮਰੀਕੀ ਸਾਮਰਾਜੀ ਲੁੱਟ ਦੇ ਲਈ ਹੋਰ ਵੀ ਨਿਸ਼ੰਗ ਹੋ ਕੇ ਖੋਲ੍ਹ ਦਿੱਤਾ ਹੈ ਜਿਸ ਨਾਲ ਦੇਸ਼ ਦੀ ਸਮੁੱਚੀ ਆਰਥਿਕਤਾ ਦਾ ਹੋਰ ਵੀ ਧੂੰਆਂ ਨਿੱਕਲ ਜਾਵੇਗਾ। ਦੇਸ਼ ਅੰਦਰ ਬੇਰੁਜ਼ਗਾਰੀ ਵਧੇਗੀ ਅਤੇ ਆਮ ਵਰਤੋ ਦੀਆਂ ਵਸਤਾਂ ਦੀ ਮਹਿੰਗਾਈ ਸਿਖਰਾਂ ਛੋਹੇਗੀ। ਖੇਤੀ ਤੇ ਸਨਅਤ ਦਾ ਉਜਾੜਾ ਹੋਵੇਗਾ ਅਤੇ ਦੇਸ਼ ਦੇ ਅੰਦਰ ਗਰੀਬੀ, ਭੁੱਖਮਰੀ, ਕੰਗਾਲੀ, ਕਰਜੇ ਤੇ ਖੁਦਕਸ਼ੀਆਂ ਦਾ ਵਰਤਾਰਾ ਹੋਰ ਤੇਜ਼ ਹੋਵੇਗਾ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸਾਮਰਾਜੀ ਮੁਲਕਾਂ ਨੂੰ ਰਾਸ ਬਹਿੰਦੀਆਂ ਨੀਤੀਆਂ ਤਹਿਤ ਹੀ ਬਿਜਲੀ ਬੋਰਡ ਦੇ ਮੁਕੰਮਲ ਨਿੱਜੀਕਰਨ ਦੇ ਕਦਮ ਲਏ ਜਾ ਰਹੇ ਹਨ, ਖੇਤੀ ਉੱਤੇ ਕਾਰਪੋਰੇਟ ਘਰਾਣਿਆਂ ਦੀ ਜਕੜ ਹੋਰ ਵਧਾਉਣ ਦੇ ਲਈ ਬੀਜ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਅੱਗੇ ਨੂੜ ਕੇ ਸੁੱਟਣ ਦੇ ਲਈ ਚਾਰ ਲੇਬਰ ਕੋਡ ਲਾਗੂ ਕਰਨ ਤੋਂ ਇਲਾਵਾ ਮਨਰੇਗਾ ਦਾ ਭੋਗ ਪਾ ਦਿੱਤਾ ਗਿਆ ਹੈ ਅਤੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ। ਅਧਿਆਪਕਾਂ ਦੇ ਉਤੇ ਟੈਟ ਦੀ ਸ਼ਰਤ ਮੜ੍ਹਕੇ ਪੱਕੇ ਅਧਿਆਪਕਾਂ ਦੀ ਛਾਂਟੀ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਹੁਕਮਰਾਨਾਂ ਨੂੰ ਕਦੇ ਰੂਸ ਤੋਂ ਤੇਲ ਨਾ ਖਰੀਦਣ ਅਤੇ ਕਦੇ 30 ਦਿਨਾਂ ਲਈ ਰੂਸ ਤੋਂ ਤੇਲ ਖਰੀਦਣ ਲਈ ਚਾੜ੍ਹੇ ਜਾ ਰਹੇ ਹੁਕਮ ਇਸ ਗੱਲ ਦਾ ਨੰਗਾ ਚਿੱਟਾ ਗਵਾਹ ਹਨ ਕਿ ਭਾਰਤ ਸਾਮਰਾਜੀ ਗੁਲਾਮੀ ਤੇ ਦਾਬੇ ਤੋਂ ਮੁਕਤ ਨਹੀਂ ਹੋਇਆ। ਉਹਨਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਹਕੂਮਤ ਵਾਂਗ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ "ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ" ਕਰਵਾ ਕੇ ਸਾਮਰਾਜੀ ਮੁਲਕਾਂ ਨੂੰ ਇੱਥੋਂ ਦੀ ਜ਼ਮੀਨ , ਕੁਦਰਤੀ ਸਰੋਤ ਅਤੇ ਕਿਰਤ ਸ਼ਕਤੀ ਕੌਡੀਆਂ ਦੇ ਲੁਟਾਉਣ ਲਈ ਮੋਦੀ ਸਰਕਾਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ। ਉਹਨਾਂ ਆਖਿਆ ਕਿ ਸਾਮਰਾਜੀ ਲੁੱਟ ਤੇ ਦਾਬੇ ਨੂੰ ਹੋਰ ਤੇਜ਼ ਕਰਨ ਦੇ ਲਈ ਹੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਾਬਰ ਰਾਜ਼ ਮਸੀਨਰੀ ਦੇ ਦੰਦੇ ਆਏ ਦਿਨ ਤਿੱਖੇ ਕੀਤੇ ਜਾ ਰਹੇ ਹਨ ਅਤੇ ਮੋਦੀ ਸਰਕਾਰ ਵੱਲੋਂ ਜ਼ਬਰ ਦੇ ਨਾਲ ਨਾਲ ਫਿਰਕੂ ਫਾਸ਼ੀ ਹੱਲੇ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕਿਸਾਨਾਂ, ਮਜ਼ਦੂਰਾਂ ,ਮੁਲਾਜ਼ਮਾਂ, ਔਰਤਾਂ ਤੇ ਸਮੂਹ ਕਿਰਤੀ ਲੋਕਾਂ ਦੀ ਵੁੱਕਤ ਤੇ ਪੁੱਗਤ ਦੇ ਲਈ 23 ਮਾਰਚ ਦੇ ਸ਼ਹੀਦਾਂ ਦੀ ਸਾਮਰਾਜ ਵਿਰੋਧੀ ਵਿਰਾਸਤ ਨੂੰ ਬੁਲੰਦ ਕਰਨ ਲਈ ਬਰਨਾਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਸ਼ਹੀਦਾਂ ਦੀ ਸੋਚ ਨੂੰ ਅੱਗੇ ਵਧਾਉਣ ਦਾ ਅਹਿਮ ਸੰਦੇਸ਼ ਦੇਵੇਗੀ। ਅੱਜ ਦੀ ਮੀਟਿੰਗ 'ਚ ਸ਼ਾਮਲ ਜਥੇਬੰਦੀਆਂ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਉੱਤੇ ਮੜ੍ਹੀ ਨਿਹੱਕੀ ਜੰਗ ਦੀ ਸਖ਼ਤ ਨਿੰਦਾ ਕਰਦਿਆਂ ਤੁਰੰਤ ਜੰਗ ਬੰਦ ਕਰਨ ਦੀ ਮੰਗ ਕੀਤੀ । ਅੱਜ ਦੀ ਮੀਟਿੰਗ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਲੌਗੋਵਾਲ , ਪੰਜਾਬ ਖੇਤ ਮਜ਼ਦੂਰ ਯੂਨੀਅਨ ਜੋਰਾ ਸਿੰਘ ਨਸਰਾਲੀ, ਡੈਮੋਕਰੇਟਿਕ ਮੁਲਾਜ਼ਮ ਫਰੰਟ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਸਰਕਾਰੀ ਆਈ ਟੀ ਆਈ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਜਸਵਿੰਦਰ ਸਿੰਘ, ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਰਾਜੀਵ ਕੁਮਾਰ, ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਸ਼ਿੰਗਾਰਾ ਸਿੰਘ ਮਾਨ ਰੂਪ ਸਿੰਘ ਛੰਨਾ ਆਦਿ ਆਗੂ ਮੌਜੂਦ ਸਨ। ਇਹਨਾਂ ਜਥੇਬੰਦੀਆਂ ਨੇ ਸਭਨਾਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨਫਰੰਸ 'ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਇੱਕ ਵੱਖਰੇ ਬਿਆਨ ਰਾਹੀਂ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਬਰਨਾਲਾ ਵਿਖੇ ਕੀਤੀ ਜਾ ਰਹੀ ਸਾਮਰਾਜ ਵਿਰੋਧੀ ਕਾਨਫਰੰਸ ਦੀ ਸਫਲਤਾ ਉਹਨਾਂ ਦੀ ਜਥੇਬੰਦੀ ਵੱਲੋਂ ਸੂਬੇ ਦੀ ਮੀਟਿੰਗ ਕਰਕੇ ਪਿੰਡ ਪਿੰਡ ਜਨਤਕ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਗਿਆ।