ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਜਥੇਬੰਦੀ ਤੇ ਪੁਲਿਸ ਆਪਸ ’ਚ ਭਿੜੇ, ਸੈਂਕੜੇ ਕਿਸਾਨ ਗ੍ਰਿਫ਼ਤਾਰ
ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਕਿਸਾਨ ਜਥੇਬੰਦੀ ਅਤੇ ਪੁਲਿਸ ਆਪਸ ’ਚ ਭਿੜੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਗ੍ਰਿਫਤਾਰ
Publish Date: Fri, 06 Feb 2026 06:49 PM (IST)
Updated Date: Sat, 07 Feb 2026 04:06 AM (IST)

* ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਹਾਈਟੈਕ ਨਾਕਾ ਹੋਇਆ ਪੁਲਿਸ ਛਾਉਣੀ ਚ ਤਬਦੀਲ ਕੈਪਸ਼ਨ : ਪੁਲਿਸ ਅਤੇ ਕਿਸਾਨਾਂ ਚ ਹੋਈ ਤਿੱਖੀ ਝੜੱਪ 2. 3. ਵੱਡੀ ਗਿਣਤੀ ਚ ਤੈਨਾਤ ਪੁਲਿਸ। 4. ਗੱਲਬਾਤ ਕਰਦੇ ਹੋਏ। 5. ਨਾਕਾਬੰਦੀ ਦੌਰਾਨ ਐੱਸਐੱਸਪੀ ਬਰਨਾਲਾ ਤੇ ਹੋਰ ਅਧਿਕਾਰੀ। ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਬਠਿੰਡਾ ਜੇਲ੍ਹ ’ਚ ਬੰਦ ਦੋ ਕਿਸਾਨ ਆਗੂਆਂ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਉਕੇ ਨੂੰ ਰਿਹਾਅ ਕਰਾਉਣ ਲਈ ਡੀਸੀ ਦਫ਼ਤਰ ਬਠਿੰਡਾ ਅੱਗੇ ਪੱਕਾ ਧਰਨਾ ਦੇਣਾ ਸੀ। ਜਿਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਇਕ ਵੱਡਾ ਜੱਥਾ ਬਠਿੰਡਾ ਜਾਣ ਲਈ ਤਪਾ ਦੇ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਤਪਾ ਵਿਖੇ ਪਹੁੰਚਿਆ। ਜਿੱਥੇ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਰੋਕਣ ਲਈ ਹਾਈਟੈਕ ਨਾਕੇ ਨੂੰ ਪੁਲਿਸ ਛਾਉਣੀ ਚ ਤਬਦੀਲ ਕਰ ਕੇ ਰੱਖਿਆ ਹੋਇਆ ਸੀ ਅਤੇ ਬਕਾਇਦਾ ਬੈਰੀਕੇਡਿੰਗ ਤੇ ਟਰੱਕ ਲਗਾ ਕੇ ਸੜਕ ਨੂੰ ਦੋਵੇਂ ਪਾਸੇ ਸੀਲ ਕਰ ਕੇ ਰੱਖਿਆ ਹੋਇਆ ਸੀ। ਕਿਸਾਨਾਂ ਵੱਲੋਂ ਪੁਲਿਸ ਨੂੰ ਵਾਰ-ਵਾਰ ਅੱਗੇ ਜਾਣ ਵਾਸਤੇ ਕਿਹਾ ਗਿਆ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਤੇ ਬਿਨਾਂ ਵਜਾ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਾਰਾਸਰ ਝੂਠਾ ਹੈ। ਜਿਸ ਕਾਰਨ ਪਿਛਲੇ ਲਗਪਗ ਨੌ ਮਹੀਨਿਆਂ ਤੋਂ ਦੋਨੋਂ ਕਿਸਾਨ ਜੇਲ੍ਹ ’ਚ ਬੰਦ ਹਨ, ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਸੈਂਕੜਿਆਂ ਦੀ ਤਾਦਾਦ ਚ ਬਠਿੰਡਾ ਵਿਖੇ ਕੂਚ ਕਰਨਾ ਸੀ। ਇਸ ਮੌਕੇ ਜਥੇਬੰਦੀ ਨੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ। ਕਿਸਾਨ ਜਿਉਂ ਹੀ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜੱਪ ਹੋ ਗਈ। ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੈਂਕੜੇ ਕਿਸਾਨਾਂ ਨੂੰ ਉੱਥੇ ਹੀ ਹਿਰਾਸਤ ’ਚ ਲੈ ਲਿਆ ਅਤੇ ਬੱਸਾਂ ਰਾਹੀਂ ਵੱਖ-ਵੱਖ ਥਾਵਾਂ ’ਤੇ ਭੇਜ ਦਿੱਤਾ, ਜਦਕਿ ਕਾਫੀ ਕਿਸਾਨ ਤੇ ਕਿਸਾਨ ਔਰਤਾਂ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਸਨ, ਪਰ ਫਿਰ ਉਨ੍ਹਾਂ ਨੂੰ ਆਪਣੇ ਆਗੂਆਂ ਦੇ ਕਹਿਣ ’ਤੇ ਵਾਪਸ ਉਸੇ ਜਗ੍ਹਾ ਹੀ ਆਉਣਾ ਪਿਆ ਅਤੇ ਉੱਥੇ ਹੀ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਜੋ ਕਿਸਾਨ ਹਿਰਾਸਤ ਚ ਲਏ ਗਏ ਹਨ, ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜਥੇਬੰਦੀ ਦੀ ਜਿਲ੍ਹਾ ਆਗੂ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਦੇ ਕਿਸਾਨ ਭਰਾਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਇਹ ਆਰ-ਪਾਰ ਦੀ ਲੜਾਈ ਜਾਰੀ ਰਹੇਗੀ। ਇਸ ਮੌਕੇ ਤਹਿਸੀਲਦਾਰ ਓਂਕਾਰ ਸਿੰਘ ਤਪਾ ਤੇ ਪਾਵਰਕਾਮ ਦੇ ਐੱਸਡੀਓ ਰਾਮ ਸਿੰਘ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਸਨ। ਕਿਸਾਨਾਂ ਤੇ ਪੁਲਿਸ ਚ ਹੋਈ ਝੜੱਪ ਮੌਕੇ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਮੌਕੇ ਮੌਜੂਦ ਰਹੀ। ਇਸ ਦੌਰਾਨ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਵੱਲੋਂ ਖੁਦ ਕਮਾਨ ਸੰਭਾਲੀ ਹੋਈ ਸੀ। ਇਸ ਮੌਕੇ ਐੱਸਪੀ ਅਸ਼ੋਕ ਸ਼ਰਮਾ, ਐੱਸਪੀ ਸੋਹਣ ਲਾਲ,ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਤਪਾ, ਡੀਐੱਸਪੀ ਬਲਜੀਤ ਸਿੰਘ ਢਿੱਲੋ, ਡੀਐੱਸਪੀ ਕੁਲਵੰਤ ਸਿੰਘ, ਡੀਐੱਸਪੀ ਜਸਪਾਲ ਸਿੰਘ ਮਹਿਲ ਕਲਾਂ, ਇੰਸਪੈਕਟਰ ਬਲਜੀਤ ਸਿੰਘ ਸੀ.ਆਈ.ਏ ਬਰਨਾਲਾ, ਥਾਣਾ ਮੁਖੀ ਸ਼ਰੀਫ ਖਾਨ, ਇੰਸਪੈਕਟਰ ਜਗਜੀਤ ਘੁਮਾਣ, ਥਾਣਾ ਸ਼ਹਿਣਾ ਦੀ ਮੁਖੀ,ਸਬ ਇੰਸਪੈਕਟਰ ਮੈਡਮ ਰੇਨੂੰ ਪਰੋਚਾ, ਥਾਣਾ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ ਭਦੌੜ,ਥਾਣਾ ਮੁਖੀ ਬਲਵਿੰਦਰ ਸਿੰਘ ਰੂੜੇਕੇ ਕਲਾਂ, ਥਾਣਾ ਮੁਖੀ ਲਖਵੀਰ ਸਿੰਘ ਧਨੌਲਾ,ਥਾਣਾ ਮੁਖੀ ਸਰਬਜੀਤ ਸਿੰਘ ਮਹਿਲ ਕਲਾਂ, ਥਾਣਾ ਮੁਖੀ ਲਖਵਿੰਦਰ ਸਿੰਘ ਬਰਨਾਲਾ ਸਿਟੀ-1, ਥਾਣਾ ਮੁਖੀ ਚਰਨਜੀਤ ਸਿੰਘ ਸਿਟੀ-ਟੂ, ਸਬ ਇੰਸਪੈਕਟਰ ਨਿਰਮਲ ਸਿੰਘ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਤੋਂ ਇਲਾਵਾ ਜਥੇਬੰਦੀ ਦੇ ਦਰਸ਼ਨ ਸਿੰਘ ਭੈਣੀ ਮਹਿਰਾਜ, ਸੌਦਾਗਰ ਸਿੰਘ, ਤਪਾ ਇਕਾਈ ਦੇ ਪ੍ਰਧਾਨ ਰਾਜ ਸਿੰਘ, ਜੱਗਾ ਸਿੰਘ ਔਜਲਾ, ਕਾਲਾ ਸਿੰਘ ਸਿੱਧੂ ਜਗਜੀਤਪੁਰਾ ਆਦਿ ਵੱਡੀ ਗਿਣਤੀ ਚ ਕਿਸਾਨ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਜਥੇਬੰਦੀ ਵੱਲੋਂ ਮੁੱਖ ਮਾਰਗ ਤੇ ਧਰਨਾ ਜਾਰੀ ਸੀ। ਉਧਰ, ਦੂਜੇ ਪਾਸੇ ਧਰਨੇ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।