- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਰੀ ਪੀਰੀ ਖਾਲਸਾ ਕਾਲਜ ’ਚ ਕਰਵਾਇਆ ਕੇਵਲ ਕ੍ਰਾਂਤੀ ਨਾਲ ਰੂ-ਬ-ਰੂ ਪ੍ਰੋਗਰਾਮ

‘ਕਿਤਾਬਾਂ ਵਰਗੀ, ਸਾਂਭੇ ਪਏ ਨੇ ਤੇਰੇ ਪੱਤਰ’ ਗਜ਼ਲ, ਗੀਤ ਤੇ ਕਵਿਤਾਵਾਂ ਸੁਣਾਈਆਂ
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਮੀਰੀ ਪੀਰੀ ਖਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਕਾਰਜ ਕਰ ਰਿਹਾ ਹੈ। ਸੰਸਥਾ ਜਿੱਥੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਦਾਨ ਪ੍ਰਦਾਨ ਕਰਦੀ ਹੈ, ਉੱਥੇ ਨਾਲ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਧਾਰਮਿਕ ਸਮਾਜਿਕ ਸੱਭਿਆਚਾਰਕ ਖੇਡਾਂ ਤੇ ਸਾਹਿਤ ਪ੍ਰੋਗਰਾਮ ਕਰਦੀ ਰਹਿੰਦੀ ਹੈ। ਇਸ ਮਕਸਦ ਨੂੰ ਮੁੱਖ ਰੱਖਦੇ ਹੋਏ ਸੰਸਥਾ ’ਚ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ ਨੇ ਦੱਸਿਆ ਕਿ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਅਗਵਾਈ ਹੇਠ ਸੰਸਥਾ ’ਚ ਕਵੀ ਕੇਵਲ ਕ੍ਰਾਂਤੀ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਦੇ ਆਰੰਭ ’ਚ ਡਾ. ਚਰਨਜੀਤ ਸਿੰਘ ਨੇ ਸਾਂਭੇ ਪਏ ਨੇ ਤੇਰੇ ਪੱਤਰ ਤੇ ਚੱਲ ਨੀਂ ਜਿੰਦੇ, ਬੇਫਿਕਰੇ ਹੋਈਏ ਪੁਸਤਕਾਂ ਤੇ ਪਰਚਾ ਪੜ੍ਹਦੇ ਹੋਏ ਕਿਹਾ ਕਿ ਕੇਵਲ ਕ੍ਰਾਂਤੀ ਤੇ ਮਨਪ੍ਰੀਤ ਸਿੰਘ ਸੰਵੇਦਨਸ਼ੀਲ ਕਵੀ ਹਨ। ਜਿਨ੍ਹਾਂ ਨੇ ਫਿਕਰਾਂ ਨੂੰ ਜੀਵਨ ਜਾਂਚ ਦੇ ਰੂਪ ਪੇਸ਼ ਕਰਨ ਦਾ ਯਤਨ ਕੀਤਾ ਹੈ। ਫਿਕਰ ਦੋ ਤਰ੍ਹਾਂ ਦੇ ਹੁੰਦੇ ਹਨ, ਇਕ ਜੋ ਕਿਸੇ ਨਾਲ ਸਾਂਝੇ ਨਹੀਂ ਕਰਦੇ ਤੇ ਦੁੱਖ ਬਣ ਜਾਂਦੇ ਹਨ ਹਨ ਦੂਸਰੇ ਉਹ ਜਿਨ੍ਹਾਂ ਤੋਂ ਜੀਵਨ ਜਾਂਚ ਸਿੱਖਦੇ ਹਨ। ਜੋ ਜੀਵਨ ਜਾਂਚ ਸਿਖਦੇ ਹਨ ਉਹ ਫਕੀਰ ਹੁੰਦੇ ਹਨ ਮਨਪ੍ਰੀਤ ਸਿੰਘ ਨੂੰ ਇਕ ਕਵੀ ਤੇ ਕੇਵਲ ਕ੍ਰਾਂਤੀ ਨੂੰ ਸੁਚੇਤ ਹੋ ਕੇ ਇਕ ਵੱਡਾ ਕਵੀ ਬਣਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਦੀ ਰਚਨਾ ਦਾ ਕੇਂਦਰੀ ਭਾਵ ਪਰਿਵਾਰਿਕ ਵਡੱਪਣ ਹੈ। ਇਸ ਵਿਚ ਪਰਿਵਾਰਿਕ ਰਿਸ਼ਤਿਆਂ ਨੂੰ ਕੇਂਦਰੀ ਤੌਰ ’ਤੇ ਪੇਸ਼ ਕੀਤਾ ਗਿਆ। ਇਸ ਵਿਚ ਸੰਜਮ ਤੇ ਸਹਿਜ ਹੁੰਦਾ ਹੈ 'ਕੋਈ ਹਰਿਓ ਬੂਟ ਰਹਿਓ ਰੀ' ਭਾਵ ਕਿ ਅਜਿਹੇ ਕਵੀ ਅੱਜ ਵੀ ਮੌਜੂਦ ਜਿਨ੍ਹਾਂ ਵਿਚ ਜੀਵਨ ਨੂੰ ਜਿਉਣ ਦੀ ਜਾਂਚ ਹੈ। ਮਨਪ੍ਰੀਤ ਸਿੰਘ ਨੇ ਆਪਣੀ ਕਿਤਾਬ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਿਤਾਬ ਮੇਰੇ ਅੰਦਰਲੇ ਵਲਵਲਿਆਂ ਨੂੰ ਲਿਖਣ ਦੀ ਇੱਕ ਪਹਿਲੀ ਕੋਸ਼ਿਸ਼ ਸੀ ਜੋ ਕਿ ਅੱਜ ਸੱਚ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ ਹੈ। ਇਸ ਵਿਚ ਭੈਣ ਕਿਰਨਦੀਪ ਕੌਰ ਡੋਡ ਦਾ ਅਹਿਮ ਯੋਗਦਾਨ ਹੈ ਜਿਨ੍ਹਾਂ ਨੇ ਇਸ ਫਿਕਰਾਂ ਨੂੰ ਬੇਫਿਕਰ ਹੋ ਕੇ ਜਿਉਣ ਲਈ ਪ੍ਰੇਰਤ ਕੀਤਾ। ਕੇਵਲ ਕ੍ਰਾਂਤੀ ਨਾਲ ਰੂ-ਬ-ਰੂ ਹੁੰਦੇ ਹੋਏ ਡਾ. ਚਰਨਜੀਤ ਸਿੰਘ ਨੇ ਉਨ੍ਹਾਂ ਦੇ ਅਨੁਭਵ ਜਿਵੇਂ ਕਿ ਪਰਿਵਾਰਕ ਪਿਛੋਕੜ, ਮੁਹੱਬਤ ਪਿਆਰ, ਜੀਵਨ ਰਚਨਾ ਸੰਬੰਧੀ ਪੁੱਛਿਆ ਗਿਆ। ਕੇਵਲ ਕ੍ਰਾਂਤੀ ਨੇ ਸਵਾਲਾਂ ਦਾ ਬਾਖੂਬੀ ਜਵਾਬ ਦਿੰਦੇ ਨੇ ਦੱਸਿਆ ਕਿ ਉਹ ਭਦੌੜ ਦੀ ਮਿੱਟੀ ਵਿੱਚ ਜੰਮਿਆ ਹੈ। ਬਾਪੂ ਅਰਜਨ ਸਿੰਘ ਤੋਂ ਪ੍ਰਭਾਵਿਤ ਹੋਇਆ ਤੇ ਛੇਵੀਂ ਜਮਾਤ ’ਚ ਦਵਿੰਦਰ ਸਤਿਆਰਥੀ ਸਹਿਤ ਸਭਾ ਦੀ ਪ੍ਰੇਰਨਾ ਸਦਕਾ ਨਾਟਕ ’ਚ ਭਾਗ ਲਿਆ। ਇਸ ਉਪਰੰਤ ਚੰਗੀ ਸੋਚ, ਚੰਗੇ ਵਿਅਕਤੀ ਅਤੇ ਚੰਗੇ ਸਮਾਜ ਤੋਂ ਸੇਧ ਲੈਂਦੇ ਹੋਏ ਸਾਹਿਤ ਦੇ ਖੇਤਰ ਵੱਲ ਪ੍ਰੇਰਤ ਹੋਇਆ। ਇਸ ਦਾ ਜ਼ਿਕਰ ਵੀ ਇਸ ਕਿਤਾਬ ਵਿੱਚ ਕੀਤਾ ਗਿਆ ਹੈ। ਇਸ ਉਪਰੰਤ ਉਨ੍ਹਾਂ ਨੇ ਵਿਦਿਆਰਥੀਆਂ ਨੂੰ ‘ਅਹੁ ਬਾਬਾ ਆਉਂਦਾ’, ‘ਕਾਲਾ ਰੰਗ’, ‘ਮੁਹੱਬਤ’, ‘ਕੰਧਾਂ ਛੱਤਾਂ ਦਰ ਹੁੰਦੇ ਨੇ’, ‘ਕਿਤਾਬਾਂ ਵਰਗੀ’, ‘ਸਾਂਭੇ ਪਏ ਨੇ ਤੇਰੇ ਪੱਤਰ’, ਗਜ਼ਲ, ਗੀਤ ਤੇ ਕਵਿਤਾਵਾਂ ਸੁਣਾਈਆਂ। ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਕੇਵਲ ਕ੍ਰਾਂਤੀ ਅਤੇ ਮਨਪ੍ਰੀਤ ਸਿੰਘ ਸਿੰਘ ਨੂੰ ਵਧਾਈ ਦਿੱਤੀ ਅਤੇ ਡਾ. ਚਰਨਦੀਪ ਸਿੰਘ, ਡਾ. ਮਨਦੀਪ ਕੌਰ, ਡਾ. ਵੰਦਨਾ ਸੁਖੀਜਾ, ਪ੍ਰੋ. ਭਿੰਦਰਜੀਤ ਕੌਰ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕਵੀ ਕੇਵਲ ਕ੍ਰਾਂਤੀ ਸਾਡੀ ਸੰਸਥਾ ਵਿੱਚ ਆਏ ਅਤੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਤੇ ਜੀਵਨ ਦੀਆਂ ਡੂੰਘੀਆਂ ਰਮਜਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਸ ਉਪਰੰਤ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਿਆਵਲ ਲਹਿਰ ਦੇ ਮੈਂਬਰ ਮਨਦੀਪ ਸਿੰਘ, ਡ. ਦੀਪਕ ਸਿੰਗਲਾ, ਲਖਵੀਰ ਸਿੰਘ ਸੇਖੋਂ, ਜਗਸੀਰ ਸਿੰਘ ਜੱਗੀ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।