ਬਜਟ ’ਤੇ ਕੇਵਲ ਢਿੱਲੋਂ ਦਾ ਵਿਅੰਗ : ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ
ਆਪ ਸਰਕਾਰ ਦੇ ਬਜਟ ’ਤੇ ਕੇਵਲ ਸਿੰਘ ਢਿੱਲੋਂ ਦਾ ਵਿਅੰਗ : ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ
Publish Date: Sun, 08 Mar 2026 05:43 PM (IST)
Updated Date: Mon, 09 Mar 2026 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ’ਚ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ, ਸੂਬਾ ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਵਿਅੰਗ ਰੂਪ ’ਚ ਪ੍ਰਤੀਕਰਮ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ‘ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ ਵਾਲੀ ਹਾਲਾਤ ਅੱਜ ਸੂਬੇ ਦੀ ‘ਆਪ’ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ। ਆਪ ਸਰਕਾਰ ਦੀਆਂ ਨਾਕਾਮੀਆਂ ਅਤੇ ਮਾੜੀ ਕਾਰਗੁਜ਼ਾਰੀ ਸਦਕਾ ਸੂਬੇ ਸਿਰ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹ ਗਿਆ ਹੈ। ਅਜਿਹੇ ਹਾਲਾਤ ’ਚ ਸਰਕਾਰ ਪੱਲੇ ਸਿਰਫ਼ ਐਲਾਨ ਹੀ ਬਚੇ ਹਨ ਤੇ ਸਰਕਾਰ ਕਰ ਕੁੱਝ ਨਹੀਂ ਸਕਦੀ। ਕੇਵਲ ਸਿੰਘ ਢਿੱਲੋਂ ਨੇ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਯੋਜਨਾ ’ਤੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਸਾਡੀਆਂ ਸਤਿਕਾਰਯੋਗ ਔਰਤਾਂ ਨੂੰ ਕੇਵਲ ਮਹੀਨੇ ਦਾ 1000 ਰੁਪਏ ਦੇ ਕੇ ਪੱਲਾ ਛੁਡਾਉਣਾ ਚਾਹੁੰਦੀ ਹੈ। ਸਾਢੇ ਚਾਰ ਸਾਲਾਂ ਤੋਂ ਸਰਕਾਰ ਨੂੰ ਔਰਤਾਂ ਨੂੰ ਇਹ ਪੈਸਾ ਦੇਣਾ ਕਿਉਂ ਯਾਦ ਨਹੀਂ ਆਇਆ। ਪੰਜਾਬ ਦੇ ਲੋਕਾਂ ਨੂੰ ਹੁਣ ਸਿਰਫ਼ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਤੋਂ ਹੀ ਆਸ ਉਮੀਦ ਦਿਖਾਈ ਦੇ ਰਹੀ ਹੈ। ਇਸ ਕਰਕੇ ਪੰਜਾਬ ਦੇ ਲੋਕ ਹੁਣ 2027 ’ਚ ਭਾਜਪਾ ਸਰਕਾਰ ਨੂੰ ਬਹੁਮਤ ਦੇਣ ਲਈ ਮਨ ਬਣਾਈ ਬੈਠੇ ਹਨ।