ਤਾਜੋਕੇ ਸਟੇਡੀਅਮ ਵਿਖੇ ਹੋ ਰਹੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਵਰਕਰਾਂ ’ਚ ਉਤਸ਼ਾਹ
ਤਾਜੋਕੇ ਸਟੇਡੀਅਮ ਵਿਖੇ ਹੋ ਰਹੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਵਰਕਰਾਂ ’ਚ ਉਤਸ਼ਾਹ
Publish Date: Sat, 07 Mar 2026 03:54 PM (IST)
Updated Date: Sun, 08 Mar 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਰੈਲੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਿਖੇ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ’ਚ ਪੂਰਾ ਉਤਸ਼ਾਹ ਹੈ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ’ਤੇ ਪੁੱਜ ਰਹੇ ਹਨ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਪੇਸ਼ ਹਨ ਅਕਾਲੀ ਆਗੂਆਂ ਦੇ ਵਿਚਾਰ। ਲੋਕ ਮੁੜ ਅਕਾਲੀ ਦਲ ਨਾਲ ਜੁੜੇ : ਪੰਮਾ ਤਾਜੋਕੇ ਪਰਮਜੀਤ ਸਿੰਘ ਪੰਮਾ ਤਾਜੋਕੇ ਸਾਬਕਾ ਸਰਪੰਚ ਨੇ ਕਿਹਾ ਕਿ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ’ਚ ਹਲਕਾ ਭਦੌੜ ਦੇ ਪਿੰਡ ਪਿੰਡ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਹ 15 ਮਾਰਚ ਦੀ ਰੈਲੀ ਇਤਿਹਾਸਕ ਰੈਲੀ ਸਾਬਿਤ ਹੋਵੇਗੀ। ਇਸ ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਪਾਰਟੀ ਵਰਕਰਾਂ ਵਲੋਂ ਲੋਕਾਂ ਨੂੰ ਇਸ ਰੈਲੀ ’ਚ ਸ਼ਾਮਲ ਹੋਣ ਲਈ ਘਰ ਘਰ ਸੁਨੇਹੇ ਲਾਏ ਜਾ ਰਹੇ ਹਨ। ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵਿਕਾਸ ਕਾਰਜ ਹੋਏ ਉਹ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਏ। ਲੋਕ ਮੁੜ੍ਹ ਤੋਂ ਅਕਾਲੀ ਦਲ ਜੁੜਕੇ ਸੱਤਾ ’ਚ ਲਿਆਉਣ ਲਈ ਉਤਾਵਲੇ ਹਨ। ਅਕਾਲੀਆਂ ਨੇ ਦਿੱਤੀਆਂ ਸਭ ਸਹੂਲਤਾਂ : ਬਲਤੇਜ ਤਾਜੋਕੇ : ਬਲਤੇਜ ਸਿੰਘ ਬੋਘਾ ਤਾਜੋਕੇ ਸਾਬਕਾ ਸਰਪੰਚ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਇੱਕਸਾਰ ਸਮਝਦਿਆਂ ਸਹੂਲਤਾਂ ਮੁਹੱਈਆਂ ਕਰਵਾਈਆਂ। ਜਿਸ ਕਰਕੇ ਲੋਕ ਮੁੜ੍ਹ ਤੋਂ ਸ੍ਰੋਮਣੀ ਅਕਾਲੀ ਦਲ ਨੂੰ ਸੱਤਾ ’ਚ ਲਿਆਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਕਾਰਣ ਸੂਬੇ ਦੇ ਲੋਕ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ, ਸੂਬੇ ਅੰਦਰ ਲੁੱਟਾਂ ਖ਼ੋਹਾਂ, ਗੈਂਗਵਾਰ, ਕਤਲ ਜਿਹਿਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੋਕ ਬਦਲਾਅ ਦੀ ਨੀਤੀ ਨੂੰ ਮੁੜ ਬਦਲਾਅ ’ਚ ਬਦਲਕੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਕਾਹਲੇ ਹਨ। ਰੈਲੀ ਰਚੇਗੀ ਇਤਿਹਾਸ : ਰਣਦੀਪ ਢਿੱਲਵਾਂ ਰਣਦੀਪ ਸਿੰਘ ਢਿੱਲਵਾਂ ਸਾਬਕਾ ਚੇਅਰਮੈਨ ਨੇ ਕਿਹਾ ਕਿ ਪਿੰਡ ਤਾਜੋਕੇ ਹੋਣ ਵਾਲੀ ਸ੍ਰੋਮਣੀ ਅਕਾਲੀ ਦਲ ਦੀ ਰੈਲੀ ’ਚ ਲੋਕਾਂ ਦਾ ਭਰਵਾਂ ਇਕੱਠ ਇੱਕ ਇਤਿਹਾਸਕ ਮੁੱਢ ਬੰਨ੍ਹੇਗਾ। ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਆਗੂਆਂ ’ਚ ਭਰਵਾਂ ਉਤਸਾਹ ਪਾਇਆ ਜਾ ਰਿਹਾ ਹੈ। ਇਸ ਰੈਲੀ ਨੂੰ ਲੈ ਕੇ ਪਿੰਡ ਪਿੰਡ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਰੈਲੀ ਨੂੰ ਲੈ ਕੇ ਅਕਾਲੀ ਆਗੂ ਤੇ ਵਰਕਰ ਵੱਡੇ ਪੱਧਰ ’ਤੇ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਵੀ ਹਲਕੇ ’ਚ ਨਿਤ ਦਿਨ ਵਿਚਰ ਰਹੇ ਹਨ। ਪੰਜਾਬ ’ਚ ਵਿਕਾਸ ਅਕਾਲੀਆਂ ਦੀ ਦੇਣ : ਸੁਖਪਾਲ ਸਮਰਾ ਸੁਖਪਾਲ ਸਿੰਘ ਸਮਰਾ ਸਾਬਕਾ ਸਰਪੰਚ ਪੱਖੋਕੇ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਸੂਬੇ ਅੰਦਰ ਵਿਕਾਸ ਹੋਇਆ ਹੈ, ਉਹ ਵੀ ਇਕ ਇਤਿਹਾਸ ਹੈ, ਸ਼ਹੀਦੀ ਯਾਦਗਾਰਾਂ ਤੋਂ ਲੈ ਕੇ ਚਹੁੰਮਾਰਗੀ ਵੱਡੀਆਂ ਸੜਕਾਂ ਅਕਾਲੀ ਦਲ ਦੀ ਦੇਣ ਹਨ। ਪੜ੍ਹਣ ਵਾਲੀਆਂ ਬੱਚੀਆਂ ਲਈ ਸਾਈਕਲ, ਆਟਾ ਦਾਲ ਸਕੀਮ ਤੋਂ ਲੈ ਕੇ ਸ਼ਗੁਨ ਸਕੀਮ ਤੇ ਬੁਢਾਪਾ ਪੈਨਸ਼ਨਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਲਈ ਸੋਚਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਲੋਕ ਮੁੜ ਸੱਤਾ ’ਚ ਲਿਆਉਣ ਲਈ ਜਿਥੇ ਤਤਪਰ ਹਨ, ਉਥੇ ਹੀ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਦੀ ਅਗਵਾਈ ’ਚ ਹੋਣ ਵਾਲੀ ਰੈਲੀ ਨੂੰ ਸਫਲ ਕਰਨ ਲਈ ਵੀ ਵਚਨਬੱਧ ਹਨ।