ਮਹਿਲ ਕਲਾਂ–ਧਨੇਰ ਸੜਕ ’ਤੇ ਭਿਆਨਕ ਹਾਦਸਾ
ਮਹਿਲ ਕਲਾਂ–ਧਨੇਰ ਸੜਕ ’ਤੇ ਭਿਆਨਕ ਹਾਦਸਾ
Publish Date: Thu, 26 Mar 2026 05:07 PM (IST)
Updated Date: Fri, 27 Mar 2026 04:05 AM (IST)

ਬਾਈਕ ਸਵਾਰ ਦੀ ਮੌਕੇ ’ਤੇ ਮੌਤ, ਦੋ ਜ਼ਖ਼ਮੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਸਥਾਨਕ ਕਸਬੇ ਤੋਂ ਪਿੰਡ ਧਨੇਰ ਨੂੰ ਜਾਂਦੀ 18 ਫੁੱਟੀ ਸੜਕ ’ਤੇ ਅੱਜ ਦੁਪਹਿਰ ਸਮੇਂ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ ਇਕ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੂਜੇ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਖਜ਼ਾਨਚੀ ਸਤਨਾਮ ਸਿੰਘ ਧਨੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸਤਰੀ ਰਣਜੀਤ ਸਿੰਘ (70) ਪੁੱਤਰ ਉਦੇ ਸਿੰਘ ਵਾਸੀ ਧਨੇਰ ਆਪਣੇ ਮੋਟਰਸਾਈਕਲ ’ਤੇ ਬੈਂਕ ਵਿੱਚੋਂ ਪੈਸੇ ਕਢਾਉਣ ਲਈ ਮਹਿਲ ਕਲਾਂ ਆਇਆ ਹੋਇਆ ਸੀ। ਜਦੋਂ ਉਹ ਪੈਸੇ ਕਢਵਾ ਕੇ ਵਾਪਸ ਪਿੰਡ ਧਨੇਰ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਰੋਸ਼ਨ ਖੇੜੇ ਨੇੜੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ’ਚ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ, ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਇਲਾਜ ਲਈ ਲਿਆਂਦਾ ਗਿਆ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਮੈਡੀਕਲ ਅਫ਼ਸਰ ਡਾ. ਬਿਕਰਮਜੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਸਪਤਾਲ ਪਹੁੰਚਣ ’ਤੇ ਰਣਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਦੋ ਜਖ਼ਮੀ ਇਲਾਜ ਅਧੀਨ ਹਨ। ਉਧਰ ਦੂਜੇ ਪਾਸੇ ਥਾਣਾ ਮਹਿਲ ਕਲਾਂ ਦੇ ਏਐਸਆਈ ਲਾਭ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਨਆਰਆਈ ਸੁਰਜੀਤ ਸਿੰਘ ਬਿੱਲੂ ਅਤੇ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਦੀਪਾ ਨੇ ਵੀ ਰਣਜੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ।