ਮਹਿਲ ਕਲਾਂ ਹਲਕੇ ’ਚ ‘ਆਪ’ ਅੰਦਰੂਨੀ ਟਕਰਾਅ ਉਭਰਿਆ,
ਮਹਿਲ ਕਲਾਂ ਹਲਕੇ ’ਚ ‘ਆਪ’ ਅੰਦਰੂਨੀ ਟਕਰਾਅ ਉਭਰਿਆ, ਨਾਰਾਜ਼ ਵਰਕਰਾਂ ਨੇ ਸਪੀਕਰ ਦੀ ਹਾਜ਼ਰੀ ’ਚ ਹੀ ਜਤਾਇਆ ਗੁੱਸਾ
Publish Date: Sun, 08 Mar 2026 03:41 PM (IST)
Updated Date: Mon, 09 Mar 2026 04:00 AM (IST)

ਨਾਰਾਜ਼ ਵਰਕਰਾਂ ਨੇ ਸਪੀਕਰ ਦੀ ਹਾਜ਼ਰੀ ’ਚ ਹੀ ਜਤਾਇਆ ਗੁੱਸਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਆਮ ਆਦਮੀ ਪਾਰਟੀ ਅੰਦਰੂਨੀ ਤਣਾਅ ਖੁੱਲ੍ਹ ਕੇ ਸਾਹਮਣੇ ਆਉਂਦਾ ਦਿਖਾਈ ਦਿੱਤਾ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਹਾਜ਼ਰੀ ’ਚ ਹੀ ਪਾਰਟੀ ਦੇ ਕਈ ਆਗੂਆਂ ਤੇ ਵਰਕਰਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਸੂਤਰਾਂ ਅਨੁਸਾਰ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਸਪੀਕਰ ਇਕ ਸਮਾਗਮ ਤੋਂ ਬਾਅਦ ਹਲਕਾ ਮਹਿਲਕਲਾਂ ਦੇ ਵਿਧਾਇਕ ਦੇ ਜੱਦੀ ਪਿੰਡ ਪੰਡੋਰੀ ਪਹੁੰਚੇ ਤੇ ਪਾਰਟੀ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਮੀਟਿੰਗ ਰੱਖੀ ਗਈ। ਜਾਣਕਾਰੀ ਮੁਤਾਬਕ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਇਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੰਡੋਰੀ ਪਹੁੰਚੇ ਸਨ। ਇਸ ਮੌਕੇ ਸ਼ੇਰਪੁਰ ਖੇਤਰ ਨਾਲ ਸਬੰਧਿਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵੀ ਗੱਲਬਾਤ ਲਈ ਬੁਲਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਪੰਚਾਇਤ ਸੰਮਤੀ ਦੇ ਚੇਅਰਮੈਨ ਦੀ ਚੋਣ ਦੌਰਾਨ ਵਾਪਰੇ ਘਟਨਾਕ੍ਰਮ ਤੋਂ ਬਾਅਦ ਸ਼ੇਰਪੁਰ ਖੇਤਰ ਦੇ ਕਈ ਆਗੂ ਤੇ ਵਰਕਰ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲ ਰਹੇ ਹਨ। ਮੀਟਿੰਗ ਦੌਰਾਨ ਕਈ ਵਰਕਰਾਂ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜਤਾਈ ਤੇ ਦੋਸ਼ ਲਗਾਇਆ ਕਿ ਪਾਰਟੀ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕਰਨ ਵਾਲੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 2013-14 ਤੋਂ ਹਲਕਾ ਮਹਿਲ ਕਲਾਂ ’ਚ ਆਮ ਆਦਮੀ ਪਾਰਟੀ ਦੀ ਬੁਨਿਆਦ ਰੱਖਣ ਵਾਲੇ ਤੇ ਮੁਸ਼ਕਲ ਹਾਲਾਤਾਂ ’ਚ ਪਾਰਟੀ ਦਾ ਝੰਡਾ ਚੁੱਕਣ ਵਾਲੇ ਵਰਕਰਾਂ ਨੂੰ ਅੱਜ ਹਾਸਿਏ ’ਤੇ ਧੱਕਿਆ ਜਾ ਰਿਹਾ ਹੈ। ਅੰਤ ’ਚ ਕੁਝ ਆਗੂ ਮੀਟਿੰਗ ਤੋਂ ਉੱਠ ਕੇ ਚਲੇ ਗਏ, ਜਿਸ ਨਾਲ ਇਹ ਸੰਕੇਤ ਮਿਲ ਰਹੇ ਹਨ ਕਿ ਹਲਕਾ ਮਹਿਲ ਕਲਾਂ ’ਚ ਪਾਰਟੀ ਅੰਦਰੂਨੀ ਚੁਣੌਤੀਆਂ ਸਾਹਮਣੇ ਆ ਸਕਦੀਆਂ ਹਨ। ਰਾਜਨੀਤਿਕ ਵਿਸ਼ਲੇਸ਼ਕ ਮੰਨਦੇ ਹਨ ਕਿ ਜੇਕਰ ਪਾਰਟੀ ਨੇ ਸਮੇਂ ਸਿਰ ਅੰਦਰੂਨੀ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਇਸ ਦਾ ਅਸਰ ਸੰਗਠਨਾਤਮਕ ਢਾਂਚੇ ’ਤੇ ਵੀ ਪੈ ਸਕਦਾ ਹੈ।