ਡੀਸੀ ਵੱਲੋਂ ਹੰਡਿਆਇਆ ਤੇ ਗੁਰਸੇਵਕ ਨਗਰ ਪ੍ਰਾਇਮਰੀ ਸਕੂਲਾਂ ਦਾ ਦੌਰਾ
ਡਿਪਟੀ ਕਮਿਸ਼ਨਰ ਵੱਲੋਂ ਹੰਡਿਆਇਆ ਅਤੇ ਗੁਰਸੇਵਕ ਨਗਰ ਪ੍ਰਾਇਮਰੀ ਸਕੂਲਾਂ ਦਾ ਦੌਰਾ
Publish Date: Mon, 20 Apr 2026 06:35 PM (IST)
Updated Date: Tue, 21 Apr 2026 04:04 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਦੀ ਲੋੜ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਸੇਵਕ ਨਗਰ ਸਕੂਲ ਨੂੰ 2 ਕੰਪਿਊਟਰ ਸੈੱਟ ਤੇ ਹੰਡਿਆਇਆ ਸਕੂਲ ਨੂੰ ਪੀਣ ਵਾਲੇ ਪਾਣੀ ਲਈ ਆਰਓ ਦਿੱਤਾ। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ’ਚ ਪੀਣ ਵਾਲੇ ਪਾਣੀ ਲਈ ਆਰਓ ਤੇ ਕਈਂ ਸਕੂਲਾਂ ’ਚ ਕੰਪਿਊਟਰ ਤੇ ਇੰਟਰਨੈੱਟ ਦੀ ਮੰਗ ਉਨ੍ਹਾਂ ਕੋਲ ਆਈ ਸੀ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਪ੍ਰਾਇਮਰੀ ਸਕੂਲਾਂ ਨੂੰ ਆਰਓ, 3 ਸਕੂਲਾਂ ਨੂੰ ਕੰਪਿਊਟਰ ਅਤੇ 11 ਸਕੂਲਾਂ ਨੂੰ ਵਾਈ ਫਾਈ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ’ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ’ਚ ਇਹ ਸਹੂਲਤਾਂ 100 ਫੀਸਦੀ ਹੋ ਜਾਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ’ਚ ਸਾਰੀਆਂ ਸਹੂਲਤਾਂ ਮੁਹਈਆ ਕਰਾਈਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦੀ ਪੜਾਈ ’ਚ ਕੋਈ ਰੁਕਾਵਟ ਨੇ ਆਵੇ ਅਤੇ ਉਨ੍ਹਾਂ ਦਾ ਭਵਿੱਖ ਰੌਸ਼ਨ ਹੋਵੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਇੰਦੂ ਸਿਮਕ ਵੀ ਮੌਜੂਦ ਸਨ।