ਐੱਸਸੀ ਕਮਿਸ਼ਨ ਨੂੰ ਈਓ ਨੇ ਕੀਤਾ ਗੁੰਮਰਾਹ, ਪੀੜਤਾਂ ਨੇ ਕਿਹਾ ਸਾਡੇ ਘਰ ਆ ਕੇ ਰਹੇ ਈਓ
ਐਸਸੀ ਕਮਿਸ਼ਨ ਨੂੰ ਵੀ ਈਓ ਨੇ ਕੀਤਾ ਗੁੰਮਰਾਹ, ਪੀੜਤਾਂ ਨੇ ਕਿਹਾ: ਸਾਡੇ ਘਰ ਆ ਕੇ ਰਹੇ ਈਓ
Publish Date: Wed, 25 Feb 2026 06:08 PM (IST)
Updated Date: Wed, 25 Feb 2026 06:10 PM (IST)

- ਮੈਗਜੀਨ ਮੁਹੱਲੇ ਦਾ ਡੰਪ ਹਾਲੇ ਵੀ ਕੂੜੇ ਨਾਲ ਨੱਕੋ ਨੱਕ ਭਰਿਆ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ ਐੱਨਜੀਟੀ ਨੂੰ ਹੀ ਨਹੀਂ, ਬਲਕਿ ਅਨਸੂਚਿਤ ਜਾਤੀ ਕਮਿਸ਼ਨ ਨੂੰ ਵੀ ਗੁੰਮਰਾਹ ਕੀਤਾ ਹੈ। ਮੈਗਜੀਨ ਮੁਹੱਲੇ ਵਿੱਚ ਬਣਾਇਆ ਕੂੜੇ ਦਾ ਡੰਪ ਹਾਲੇ ਵੀ ਕੂੜੇ ਨਾਲ ਭਰਿਆ ਹੋਇਆ ਹੈ। ਵਾਰਡ ਨੰਬਰ 11 ਦੀ ਕੌਂਸਲਰ ਆਸ਼ਾ ਰਾਣੀ ਨੇ ਕਿਹਾ ਕਿ ਧਾਨਕ ਬਸਤੀ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਨਗਰ ਕੌਂਸਲ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੀ ਝੂਠਾ ਬਿਆਨ ਦਿੱਤਾ ਹੈ। ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ 9 ਫ਼ਰਵਰੀ 2026 ਨੂੰ ਪੱਤਰ ਨੰਬਰ 52/ਜਸਸ ਵਿੱਚ ਲਿਖਿਆ ਹੈ ਕਿ ਸਬੰਧਿਤ ਥਾਂ ਤੋਂ ਰੋਜ਼ਾਨਾ ਕੂੜਾ ਚੁੱਕਿਆ ਜਾਂਦਾ ਹੈ, ਪਰ ਇਹ ਕੂੜਾ ਸਿਰਫ਼ 8 ਫ਼ਰਵਰੀ ਨੂੰ ਹੀ ਕਮਿਸ਼ਨ ਨੂੰ ਫੋਟੋ ਦਿਖਾਉਣ ਲਈ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਫਿਰ ਟਨਾਂ ਦੇ ਹਿਸਾਬ ਨਾਲ ਗੰਦਗੀ ਦੇ ਢੇਰ ਲੱਗ ਗਏ ਹਨ। ਨਾਲ ਹੀ ਨਗਰ ਕੌਂਸਲ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਕੂੜੇ ਦੇ ਢੇਰ ਦੇ ਨੇੜੇ ਹਰ ਧਰਮ ਅਤੇ ਜਾਤੀ ਦੇ ਲੋਕ ਰਹਿੰਦੇ ਹਨ, ਪਰ ਨਗਰ ਕੌਂਸਲ ਨੇ ਕਮਿਸ਼ਨ ਨੂੰ ਇਹ ਸਪੱਸ਼ਟ ਨਹੀਂ ਕੀਤਾ ਕਿ ਧਾਨਕ ਬਸਤੀ ਦੇ ਲੋਕਾਂ ਦੇ ਘਰ ਇਸ ਡੰਪ ਤੋਂ ਕੇਵਲ 30 ਕਦਮ ਦੀ ਦੂਰੀ ’ਤੇ ਹਨ ਅਤੇ ਡੰਪ ਦੀ ਸਾਂਝੀ ਕੰਧ ਨਾਲ ਸੰਤ ਕਬੀਰ ਦਾਸ ਪਾਰਕ ਸਥਿਤ ਹੈ, ਜਿੱਥੇ ਧਾਨਕ ਮੁਹੱਲੇ ਦੀਆਂ ਬਜ਼ੁਰਗ ਔਰਤਾਂ ਘੁੰਮਣ, ਬੱਚੇ ਖੇਡਣ ਆਉਂਦੇ ਹਨ। ਹੁਣ ਹਾਲਾਤ ਮੁੜ ਅਜਿਹੇ ਬਣ ਗਏ ਹਨ ਕਿ ਪਿਛਲੇ ਦੋ ਹਫ਼ਤਿਆਂ ਤੋਂ ਪਈ ਗੰਦਗੀ ਕਾਰਨ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਧਾਨਕ ਮੁਹੱਲਾ ਵਾਸੀ ਕਾਂਤਾ ਦੇਵੀ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੇ ਲੋਕਾਂ ਦਾ ਜੀਵਨ ਦੁਖਦਾਈ ਬਣ ਗਿਆ ਹੈ। ਇੱਕ ਵੇਲੇ ਦੀ ਰੋਟੀ ਖਾਂਦੇ ਸਮੇਂ ਵੀ ਹਵਾ ਵਿੱਚ ਬਦਬੂ ਆਉਂਦੀ ਰਹਿੰਦੀ ਹੈ ਅਤੇ ਰੋਟੀ ਖਾਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਅਪੀਲ ਕੀਤੀ ਹੈ ਕਿ ਕਮਿਸ਼ਨ ਆਪਣੇ ਪੱਧਰ ’ਤੇ ਇਲਾਕੇ ਦੀ ਜਾਂਚ ਕਰੇ ਅਤੇ ਵੇਖੇ ਕਿ ਕੀ ਅਜਿਹੇ ਹਾਲਾਤਾਂ ਵਿੱਚ ਕੋਈ ਆਮ ਵਿਅਕਤੀ ਜੀਅ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ ਉਨ੍ਹਾਂ ਨੂੰ ਬਿਮਾਰੀਆਂ ਵਿੱਚ ਮਰਨ ਲਈ ਛੱਡ ਦਿੱਤਾ ਹੈ। ਅੱਗੇ ਗਰਮੀ ਦੇ ਮੌਸਮ ਵਿੱਚ ਮੱਛਰ ਅਤੇ ਮੱਖੀਆਂ ਬਿਮਾਰੀਆਂ ਫੈਲਾਉਣ ਲਈ ਤਿਆਰ ਹਨ ਅਤੇ ਜਾਨੀ ਨੁਕਸਾਨ ਦਾ ਵੀ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਨੇ ਤਾਂ ਕਮਿਸ਼ਨ ਦੇ ਚੇਅਰਮੈਨ ਨੂੰ ਕਿਹਾ ਕਿ ਉਹ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਆਪਣੇ ਇਲਾਕੇ ਵਿੱਚ ਏਅਰ ਕੰਡੀਸ਼ਨ ਕਮਰਾ ਦੇਣ ਲਈ ਤਿਆਰ ਹਨ, ਜਿੱਥੇ ਉਹ ਆਪਣੇ ਪਰਿਵਾਰ ਸਮੇਤ ਆ ਕੇ ਰਹਿ ਕੇ ਵੇਖਣ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਪੀੜਤ ਪਰਿਵਾਰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਿਤਾ ਰਹੇ ਹਨ। ਸੰਗਰੂਰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਮਾਮਲਾ ਅਦਾਲਤ ਅਤੇ ਐੱਸਸੀ ਕਮਿਸ਼ਨ ਵਿੱਚ ਵਿਚਾਰ ਅਧੀਨ ਹੈ, ਇਸ ਲਈ ਉਹ ਇਸ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਸਿਰਫ਼ ਇਹ ਕਿਹਾ ਕਿ ਸਫ਼ਾਈ ਦਾ ਕੰਮ ਢੰਗ ਨਾਲ ਹੋ ਰਿਹਾ ਹੈ।