- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਅਧਿਆਪਕਾਂ ਦੇ ਡੈਪੂਟੇਸ਼ਨ ਸਬੰਧੀ ਏ.ਡੀ.ਸੀ.ਨੂੰ ਸੌਂਪਿਆ ਮੰਗ ਪੱਤਰ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੂਬਾ ਪੱਧਰੀ ਫੈਸਲੇ ਅਨੁਸਾਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਬਰਨਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ’ਚ ਏ. ਡੀ. ਸੀ.ਜਨਰਲ ਵਿਵੇਕ ਕੁਮਾਰ ਮੋਦੀ ਨੂੰ ਜਨਗਣਨਾ, ਗੈਰ-ਵਿੱਦਿਅਕ ਡਿਊਟੀਆਂ ਅਤੇ ਮਿਡਲ ਸਕੂਲਾਂ ਦੇ ਸਟਾਫ਼ ਨੂੰ ਡੈਪੂਟੇਸ਼ਨ ਤੇ ਭੇਜਣ ਸਬੰਧੀ ਕੀਤੇ ਆਰਡਰ ਰੱਦ ਕਰਵਾਉਣ ਲਈ ਮੰਗ ਪੱਤਰ ਤੇ ਸੁਝਾਅ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਵਿੱਦਿਅਕ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਗੈਰ-ਵਿੱਦਿਅਕ ਡਿਊਟੀਆਂ ਨੇ ਅਧਿਆਪਕਾਂ ਨੂੰ ਸਕੂਲਾਂ ਤੋਂ ਦੂਰ ਕਰ ਦਿੱਤਾ ਹੈ, ਜਿਸ ਕਾਰਣ ਜਿੱਥੇ ਸਿਖਿਆ ਕ੍ਰਾਂਤੀ ਦੇ ਦਾਆਵੇ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਖਿਆ ਪ੍ਰਤੀ ਅਸਲ ਚਿਹਰਾ ਨੰਗਾ ਹੋਇਆ ਹੈ, ਓਥੇ ਹੀ ਸਕੂਲਾਂ ’ਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਵੀ ਪ੍ਰਭਾਵਿਤ ਹੋਏ ਹਨ,ਆਪਣਾ ਕੀਮਤੀ ਸਮਾਂ ਤੇ ਊਰਜਾ ਵਿਦਿਆਰਥੀਆਂ ਨੂੰ ਪੜਾਉਣ ਤੇ ਲਾਉਣ ਦੀ ਬਜਾਇ ਜਿਆਦਾਤਰ ਅਧਿਆਪਕ ਬੀ. ਐੱਲ.ਓ.ਡਿਊਟੀਆਂ ’ਚ ਐੱਸ ਆਈ ਆਰ ’ਚ ਆਪਣੀ ਸ਼ਕਤੀ ਤੇ ਸਮਾਂ ਲਾਉਣ ਲਈ ਮਜ਼ਬੂਰ ਹਨ, ਜਿਸ ਕਾਰਣ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ, ਇਸਦੇ ਨਾਲ ਹੀ ਜਨਗਣਨਾ, ਡਰੱਗ ਸਰਵੇ ਦੇ ਸ਼ੁਰੂ ਹੋ ਰਹੇ ਕਾਰਜਾਂ ਨੇ ਰਹਿੰਦੇ ਅਧਿਆਪਕਾਂ ਨੂੰ ਵੀ ਸਕੂਲਾਂ ਤੋਂ ਬਾਹਰ ਕਰ ਦਿੱਤਾ ਹੈ, ਜਿਸ ਕਾਰਣ ਸਕੂਲਾਂ ਦਾ ਨਵਾਂ ਵਰ੍ਹਾ ਬੱਚਿਆਂ ਨੂੰ ਪੜਾਉਣ ਦੀ ਬਜਾਇ ਗੈਰ ਵਿੱਦਿਅਕ ਕੰਮਾਂ ’ਚ ਲੰਘਦਾ ਜਾਪਦਾ ਹੈ, ਜਿਸਦਾ ਡੀ ਟੀ ਐੱਫ ਵੱਲੋਂ ਸਖਤ ਨੋਟਿਸ ਲੈਂਦਿਆਂ ਮੰਗ ਪੱਤਰ ਦਿੱਤੇ ਗਏ ਹਨ। ਇਸ ਮੌਕੇ ਰਾਜੀਵ ਕੁਮਾਰ ਤੇ ਨਿਰਮਲ ਚੁਹਾਣਕੇ ਨੇ ਸਰਕਾਰ ’ਤੇ ਵਰਦਿਆਂ ਕਿਹਾ ਕਿ ਆਪ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਕੂਲਾਂ ’ਚ ਅਧਿਆਪਕ ਕੇਵਲ ਪੜਾਉਣ ਦਾ ਕੰਮ ਕਰਨਗੇ, ਉਨ੍ਹਾਂ ਤੋਂ ਕੋਈ ਵੀ ਗੈਰ-ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ, ਪਰ ਹੋ ਇਸ ਤੋਂ ਉਲਟ ਰਿਹਾ ਹੈ ਕਿ ਇਸ ਸਰਕਾਰ ’ਚ ਬੀ ਐੱਲ ਓ ਡਿਊਟੀਆਂ ਤੋਂ ਇਲਾਵਾ, ਜਨਗਣਨਾ, ਡਰੱਗ ਸਰਵੇ ਤੇ ਨਵੇਂ ਮੈਡੀਕਲ ਕਾਰਡ ਬਣਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਇਸ ਮੌਕੇ ਮਿਡਲ ਸਕੂਲਾਂ ਦੇ ਅਧਿਆਪਕਾਂ ਦੇ ਡੈਪੂਟੇਸ਼ਨ ਕਰਨ ਸਬੰਧੀ ਵੀ ਆਗੂਆਂ ਨੇ ਵਿਰੋਧ ਦਰਜ ਕਰਵਾਉਂਦਿਆਂ ਜਾਰੀ ਕੀਤੇ ਪੱਤਰ ਨੂੰ ਰੱਦ ਕਰਨ ਤੇ ਮਿਡਲ ਸਕੂਲਾਂ ’ਚ ਵਿਸ਼ਾਵਾਰ ਅਧਿਆਪਕ ਭੇਜਣ ਦੀ ਮੰਗ ਕੀਤੀ। ਇਸ ਮੌਕੇ ਉਕਤ ਮੰਗਾਂ ਸਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਰਾਹੀਂ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਰੱਦ ਕਰਨ ਸਬੰਧੀ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅੰਮ੍ਰਿਤਪਾਲ ਕੋਟਦੁੰਨਾ, ਰਮਨਦੀਪ ਸਿੰਗਲਾ, ਕੁਲਦੀਪ ਸੰਘੇੜਾ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।