ਬਿਜਲੀ ਮੁਲਾਜ਼ਮ ਹੜਤਾਲ ਕਰ ਕੇ ਵਿਸ਼ਾਲ ਰੋਸ ਰੈਲੀ ਕੀਤੀ
ਬਿਜਲੀ ਮੁਲਾਜ਼ਮ ਇੱਕ ਰੋਜਾ ਹੜਤਾਲ ਕਰਕੇ ਵਿਸਾਲ ਰੋਸ ਰੈਲੀ ਕੀਤੀ
Publish Date: Thu, 12 Feb 2026 03:35 PM (IST)
Updated Date: Fri, 13 Feb 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਿਜਲੀ ਮੁਲਾਜ਼ਮਾਂ ਵੱਲੋਂ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵੱਲੋਂ ਹਰਬੰਸ ਸਿੰਘ ਦੀਦਾਰਗੜ੍ਹ ਦੀ ਪ੍ਰਧਾਨਗੀ ’ਚ ਕੇਂਦਰੀ ਟਰੇਡ ਯੂਨੀਅਨਾਂ, ਫੈਡਰੇਸ਼ਨਾਂ ਤੇ ਨੈਸ਼ਨਲ ਕੁ-ਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜ਼ ਦੇ ਸੱਦੇ ’ਤੇ ਅਤੇ ਪੀਐੱਸਈਬੀ ਇੰਪਲਾਈਜ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਏਓਜੇਈਜ/ਸਾਂਝੇ ਥੜੇ ਦੇ ਫੈਸਲੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੁੱਧ, 4 ਨਵੇਂ ਬਣਾਏ ਲੇਬਰ ਕੋਡ ਰੱਦ ਕਰਵਾਉਣ, ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣ, ਬਿਜਲੀ ਨਿਗਮ ਦੀਆਂ ਕੀਮਤੀ ਜਾਇਦਾਦਾਂ ਵੇਚਣ ਅਤੇ ਹੋਰ ਵੱਖ-ਵੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ 66 ਕੇਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਹੜਤਾਲ ਕਰ ਕੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੀ ਐੱਸਯੂ ਪੰਜਾਬ ਦੇ ਜਥੇਬੰਦਕ ਸਕੱਤਰ ਸਤਿੰਦਰਪਾਲ ਸਿੰਘ ਜੱਸੜ, ਇੰਜ ਜਸਪ੍ਰਤਾਪ ਸਿੰਘ ਨੇ ਕਿਹਾ ਕਿ ਸਮੁੱਚੇ ਭਾਰਤ ਦੇ ਬਿਜਲੀ ਕਾਮੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਬਰੀ ਲਾਗੂ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਹੜਤਾਲ ਕਰ ਕੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ, ਜੇਕਰ ਇਹ ਬਿਜਲੀ ਬਿੱਲ ਲਾਗੂ ਹੋ ਜਾਦਾ ਹੈ ਇਸ ਨਾਲ ਬਿਜਲੀ ਮੁਲਾਜ਼ਮਾਂ ਦੇ ਨਾਲ ਨਾਲ ਵੱਡੀ ਗਿਣਤੀ ’ਚ ਖਪਤਕਾਰਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਨਿੱਜੀ ਕੰਪਨੀਆਂ ਨੂੰ ਵਧੇਰੇ ਮੁਨਾਫ਼ਾ ਕਮਾਉਣ ਦਾ ਹੱਕ ਮਿਲ ਜਾਵੇਗਾ, ਜਦ ਕਿ ਘਾਟੇ ਵਾਲੇ ਸਰਕਾਰੀ ਬਿਜਲੀ ਬੋਰਡ ਜਨਤਾ ਸਿਰ ਮੜ੍ਹੇ ਜਾਣਗੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਇੰਜ ਕੁਲਵੀਰ ਸਿੰਘ ਔਲਖ, ਇੰਜ ਗੁਰਲਾਭ ਸਿੰਘ ਏ ਏ ਈ ਇੰਜ ਰਾਜੇਸ ਕੁਮਾਰ ਬੰਟੀ, ਗੁਰਵਿੰਦਰ ਸਿੰਘ ਐਮ ਐਸ ਯੂ ਆਗੂਆਂ ਨੇ ਕਿਹਾ ਬਿਜਲੀ ਬੋਰਡਾਂ ਦਾ ਜਬਰਦਸਤੀ ਕੀਤਾ ਗਿਆ ਨਿੱਜੀਕਰਨ ਪੂਰੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ, ਜਿਸ ਦੀ ਤਾਜ਼ਾ ਮਿਸਾਲ ਚੰਡੀਗੜ੍ਹ ਦਾ ਬਿਜਲੀ ਬੋਰਡ ਹੈ, ਜੋ ਕਿ ਪਹਿਲਾਂ ਮੁਨਾਫ਼ੇ ’ਚ ਚੱਲ ਰਿਹਾ ਸੀ, ਨਿੱਜੀਕਰਨ ਹੋਣ ਨਾਲ ਉੱਥੇ ਬਿਜਲੀ ਸਪਲਾਈ ਦਾ ਮਿਆਰ ਡਿੱਗ ਚੁੱਕਾ ਹੈ, ਮੁਲਾਜ਼ਮਾਂ ਦੇ ਮਸਲੇ ਅੱਜ ਤੱਕ ਹੱਲ ਨਹੀਂ ਹੋਏ । ਇਸ ਤਰ੍ਹਾਂ ਹੀ ਬਿਜਲੀ ਸੋਧ ਬਿੱਲ 2025 ਦੇ ਲਾਗੂ ਹੋਣ ਨਾਲ ਖਪਤਕਾਰਾਂ ਨੂੰ ਮਿਲ ਰਹੀਆਂ ਕਰਾਸ ਸਬਸਿਡੀਆ ਖਤਮ ਹੋ ਜਾਣਗੀਆਂ, ਬਿਜਲੀ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਨਾਲ ਬਿਜਲੀ ਗਰੀਬ ਤੇ ਦਰਮਿਆਨੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਮੁਲਾਜ਼ਮ ਆਗੂ ਕਮਲਜੀਤ ਸਿੰਘ ਜਲੂਰ, ਸੀਐਚਵੀ ਆਗੂ ਚਰਨਜੀਤ ਸਿੰਘ ਖਿਆਲੀ , ਰਾਜਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਜੋ ਅੱਜ ਕੱਲ੍ਹ ਸਮਾਰਟ ਮੀਟਰ ਲੱਗ ਰਹੇ ਹਨ, ਇਹ ਮੀਟਰ ਨਿੱਜੀਕਰਨ ਦਾ ਹੀ ਦਰਵਾਜ਼ਾ ਹੈ, ਇਹ ਮੀਟਰ ਨਿੱਜੀ ਕੰਪਨੀਆਂ ਨੂੰ ਖਪਤਕਾਰਾਂ ਦਾ ਡਾਟਾ ਸੌਪਣ ਅਤੇ ਜਬਰਦਸਤੀ ਪ੍ਰੀ ਪੇਡ ਸਿਸਟਮ ਲਾਗੂ ਕਰਨ ਦਾ ਸਾਧਨ ਬਣ ਰਹੇ ਹਨ। ਇਸ ਰੋਸ ਰੈਲੀ ਨੂੰ ਰਿਟਾਇਰੀ ਆਗੂ ਗੁਰਚਰਨ ਸਿੰਘ, ਸੁਖਦੇਵ ਸਿੰਘ ਜਲੂਰ, ਇੰਜ ਹਰਭੋਲ ਸਿੰਘ, ਯੂਨੀਅਨ ਇੰਜ ਪਰਮਵੀਰ ਸਿੰਘ, ਐਮ ਓ ਯੂ ਵੱਲੋ ਨਵਨੀਤ ਸਿੰਘ, ਸਰਿੰਦਰਪਾਲ ਸਿੰਘ ਨੇ ਸੰਬੋਧਨ ਕਰਦੇ ਸਮੁੱਚੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਬਿਜਲੀ ਸੋਧ ਬਿੱਲ ਜਬਰੀ ਲਾਗੂ ਕਰਨ ਜਾ ਰਹੀ ਹੈ ਉਸ ਦੇ ਹੀ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ ਜਿਸ ਨੇ ਅੱਜ ਤੱਕ ਬਿਜਲੀ ਸੋਧ ਬਿੱਲ ਦੇ ਵਿਰੋਧ ’ਚ ਆਪਣਾ ਕੋਈ ਬਿਆਨ ਵੀ ਨਹੀਂ ਦਿੱਤਾ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਮਾਰਟ ਮੀਟਰਾਂ ਦੀਆਂ ਇਨ੍ਹਾ ਸਕੀਮਾਂ ਨੂੰ ਤੁਰੰਤ ਰੋਕਿਆ ਜਾਵੇ, ਬਿਜਲੀ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ, ਲੰਮੇ ਸਮੇ ਤੋਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਤੇ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ, ਸੀ ਐਚ ਵੀ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਰੈਲੀ ਦੇ ਅਖੀਰ ’ਚ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ਼ ਜੰਮਕੇ ਨਾਅਰੇਬਾਜੀ ਕਰਦੇ ਹੋਏ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ,ਸਟੇਜ ਸੰਚਾਲਨ ਕੁਲਵੰਤ ਸਿੰਘ ਢਿਲਵਾਂ ਨੇ ਬਾਖੂਬੀ ਨਿਭਾਇਆ।