ਪੰਜਾਬ ਬਜਟ ’ਚ ਮੁੜ ਨਜ਼ਰਅੰਦਾਜ਼ ਹੋਇਆ ਹਲਕਾ ਮਹਿਲ ਕਲਾਂ
ਪੰਜਾਬ ਬਜਟ ’ਚ ਮੁੜ ਨਜਰਅੰਦਾਜ਼ ਹੋਇਆ ਵਿਧਾਨ ਸਭਾ ਹਲਕਾ ਮਹਿਲ ਕਲਾਂ
Publish Date: Mon, 09 Mar 2026 04:53 PM (IST)
Updated Date: Tue, 10 Mar 2026 04:03 AM (IST)

ਪ੍ਰਬੰਧਕੀ ਕੰਪਲੈਕਸ, ਸਿਹਤ ਤੇ ਸਿੱਖਿਆ ਖੇਤਰ ਲਈ ਕੋਈ ਵੱਡਾ ਐਲਾਨ ਨਹੀਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸਰਕਾਰ ’ਤੇ ਚੁੱਕੇ ਸਵਾਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ਪੇਸ਼ ਕੀਤੇ ਗਏ ਸਾਲਾਨਾ ਬਜਟ ਤੋਂ ਬਾਅਦ ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਨਿਰਾਸ਼ਾ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਲਾਕੇ ਦੇ ਲੋਕਾਂ ਤੇ ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬਜਟ ’ਚ ਹਲਕੇ ਦੀਆਂ ਬੁਨਿਆਦੀ ਲੋੜਾਂ ਤੇ ਵਿਕਾਸ ਸਬੰਧੀ ਯੋਜਨਾਵਾਂ ਨੂੰ ਅਹਿਮੀਅਤ ਨਹੀਂ ਮਿਲੀ। ਮਹਿਲ ਕਲਾਂ ਨੂੰ ਸਬ-ਡਿਵੀਜ਼ਨ ਦਾ ਦਰਜਾ ਮਿਲੇ 4 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਇੱਥੇ ਸਬ-ਡਿਵੀਜ਼ਨ ਪੱਧਰ ਦਾ ਪ੍ਰਬੰਧਕੀ ਕੰਪਲੈਕਸ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਐੱਸਡੀਐੱਮ ਤੇ ਤਹਿਸੀਲ ਦਫ਼ਤਰ ਅਜੇ ਵੀ ਅਸਥਾਈ ਤੌਰ ’ਤੇ ਬੀਡੀਪੀਓ ਦਫ਼ਤਰ ਦੀ ਇਮਾਰਤ ’ਚ ਚੱਲ ਰਹੇ ਹਨ। ਲੋਕਾਂ ਨੂੰ ਉਮੀਦ ਸੀ ਕਿ ਇਸ ਵਾਰ ਦੇ ਬਜਟ ’ਚ ਪ੍ਰਬੰਧਕੀ ਕੰਪਲੈਕਸ ਲਈ ਫੰਡ ਦਾ ਐਲਾਨ ਕੀਤਾ ਜਾਵੇਗਾ, ਪਰ ਇਹ ਮੰਗ ਵੀ ਅਧੂਰੀ ਰਹਿ ਗਈ। ਸਿਹਤ ਸਹੂਲਤਾਂ ਦੇ ਮਾਮਲੇ ’ਚ ਵੀ ਮਹਿਲ ਕਲਾਂ ਹਲਕਾ ਪਿੱਛੜਿਆ ਹੋਇਆ ਹੈ। ਇਲਾਕੇ ਦੇ ਕਮਿਊਨਟੀ ਹੈਲਥ ਸੈਂਟਰ ਤੇ ਪੇਂਡੂ ਡਿਸਪੈਂਸਰੀਆਂ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਘਾਟ ਨਾਲ ਜੂਝ ਰਹੀਆਂ ਹਨ। ਇਸੇ ਤਰ੍ਹਾਂ ਸਿੱਖਿਆ ਖੇਤਰ ’ਚ ਵੀ ਕਈ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਸਮੇਤ ਮਹਿਲਕਲਾਂ ਦੇ ਐਮੀਨੈਂਸ ਸਕੂਲ ’ਚ ਅਧਿਆਪਕਾਂ ਦੀ ਘਾਟ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸਬੰਧੀ ਸਮਾਜਿਕ ਸੰਸਥਾ “ਹੋਪ ਫਾਰ ਮਹਿਲ ਕਲਾਂ” ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਰਕਾਰ ਦਾ ਬਜਟ ਕੇਵਲ ਅੰਕੜਿਆਂ ਦੀ ਖ਼ਾਨਾਪੂਰਤੀ ਬਣ ਕੇ ਰਹਿ ਗਿਆ ਹੈ ਅਤੇ ਮਹਿਲ ਕਲਾਂ ਇਲਾਕੇ ਦੀਆਂ ਮੁੱਖ ਲੋੜਾਂ ਨੂੰ ਅਣਡਿੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਦੇ ਵਿਕਾਸ ਲਈ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਲੋਕ ਆਉਣ ਵਾਲੇ ਸਮੇਂ ’ਚ ਆਪਣਾ ਫ਼ੈਸਲਾ ਚੋਣਾਂ ਰਾਹੀਂ ਜ਼ਰੂਰ ਦਰਸਾਉਣਗੇ।ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਲੁਧਿਆਣਾ–ਬਰਨਾਲਾ ਮੁੱਖ ਮਾਰਗ ‘ਤੇ ਟੋਲ ਪਲਾਜ਼ੇ ਦੇ ਨੇੜੇ ਪਿੰਡ ਗੰਗੋਹਰ ਦੀ ਪੰਚਾਇਤ ਵੱਲੋਂ ਸਬ-ਡਿਵੀਜ਼ਨ ਮਹਿਲ ਕਲਾਂ ਦਾ ਪ੍ਰਬੰਧਕੀ ਕੰਪਲੈਕਸ ਬਣਾਉਣ ਲਈ ਲਗਭਗ ਤਿੰਨ ਏਕੜ ਜ਼ਮੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਸਥਾਨ ’ਤੇ ਸਰਕਾਰੀ ਤੌਰ ’ਤੇ ਬੋਰਡ ਵੀ ਲਗਾਇਆ ਹੋਇਆ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਕੰਪਲੈਕਸ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਕਾਂਗਰਸ ਆਗੂਆਂ ਨੇ ਵੀ ਚੁੱਕੇ ਸਵਾਲ ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਸੋਮੀ ਠੁੱਲੀਵਾਲ, ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਅਰੀ ਵਾਲਾ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਅਤੇ ਬਨੀ ਖਹਿਰਾ ਨੇ ਕਿਹਾ ਕਿ ਪਿਛਲੇ ਸਮੇਂ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲ ਕਲਾਂ ਨੂੰ ਅਪਗ੍ਰੇਡ ਕਰਕੇ ਸਬ-ਡਿਵੀਜ਼ਨ ਦਾ ਦਰਜਾ ਦਿੱਤਾ ਗਿਆ ਸੀ, ਜਿਸ ਨਾਲ ਲੋਕਾਂ ’ਚ ਵਿਕਾਸ ਦੀਆਂ ਉਮੀਦਾਂ ਜਾਗੀਆਂ ਸਨ। ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਮੌਜੂਦਾ ਸਰਕਾਰ ਵੱਲੋਂ ਸਬ-ਡਿਵੀਜ਼ਨ ਮਹਿਲ ਕਲਾਂ ਦਾ ਪ੍ਰਬੰਧਕੀ ਕੰਪਲੈਕਸ ਬਣਾਉਣ ਲਈ ਬਜਟ ’ਚ ਕੋਈ ਫੰਡ ਨਹੀਂ ਰੱਖਿਆ ਗਿਆ। ਅਕਾਲੀ ਦਲ ਨੇ ਵੀ ਸਰਕਾਰ ਨੂੰ ਘੇਰਿਆ ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਪਿਛਲੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੌਰਾਨ ਸੰਗਤ ਦਰਸ਼ਨਾਂ ਸਮੇਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੰਨਦੇ ਹੋਏ ਮਹਿਲ ਕਲਾਂ ਦੇ ਦੋ ਕਨੂੰਗੋ ਸਰਕਲਾਂ ਨੂੰ ਜੋੜ ਕੇ ਸਬ ਤਹਿਸੀਲ ਦਾ ਦਰਜਾ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਤਹਿਸੀਲ ਜਾਂ ਸਬ-ਡਿਵੀਜ਼ਨ ਦਾ ਪੂਰਾ ਪ੍ਰਬੰਧਕੀ ਕੰਪਲੈਕਸ ਬਣਾਉਣ ਲਈ ਬਜਟ ’ਚ ਕੋਈ ਢੁੱਕਵਾਂ ਫੰਡ ਨਹੀਂ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਭਾਵੇਂ ਸਰਕਾਰੀ ਇਮਾਰਤਾਂ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ’ਚ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਮਹਿਲ ਕਲਾਂ ਸਬ-ਡਿਵੀਜ਼ਨ ਲਈ ਕੰਪਲੈਕਸ ਬਣਾਉਣ ਦੀ ਕੋਈ ਯੋਜਨਾ ਅਮਲ ’ਚ ਨਹੀਂ ਲਿਆਂਦੀ ਗਈ। ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਮਹਿਲ ਕਲਾਂ ਸਬ-ਡਿਵੀਜ਼ਨ ਦਾ ਪ੍ਰਬੰਧਕੀ ਕੰਪਲੈਕਸ ਪਹਿਲ ਦੇ ਅਧਾਰ ’ਤੇ ਤਿਆਰ ਕਰਵਾਇਆ ਜਾਵੇਗਾ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਲ ਕਲਾਂ ਹਲਕੇ ਦੀਆਂ ਬੁਨਿਆਦੀ ਲੋੜਾਂ—ਪ੍ਰਬੰਧਕੀ ਢਾਂਚਾ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਵਿਕਾਸ—ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵੀ ਹੋਰ ਹਲਕਿਆਂ ਵਾਂਗ ਵਿਕਾਸ ਦੇ ਲਾਭ ਮਿਲ ਸਕਣ।