ਸੰਸਦ ਮੈਂਬਰ ਮੀਤ ਹੇਅਰ ਨੇ ਲੋਕ ਸਭਾ ’ਚ ਚੁੱਕੇ ਪੰਜਾਬ ਅਤੇ ਆਮ ਲੋਕਾਂ ਦੇ ਰੇਲਵੇ ਨਾਲ ਜੁੜੇ ਅਹਿਮ ਮੁੱਦੇ
ਸੰਸਦ ਮੈਂਬਰ ਮੀਤ ਹੇਅਰ ਨੇ ਲੋਕ ਸਭਾ ’ਚ ਚੁੱਕੇ ਪੰਜਾਬ ਅਤੇ ਆਮ ਲੋਕਾਂ ਦੇ ਰੇਲਵੇ ਨਾਲ ਜੁੜੇ ਅਹਿਮ ਮੁੱਦੇ
Publish Date: Tue, 17 Mar 2026 04:11 PM (IST)
Updated Date: Wed, 18 Mar 2026 04:04 AM (IST)

ਬਜ਼ੁਰਗਾਂ, ਵਿਦਿਆਰਥੀਆਂ, ਮਰੀਜ਼ਾਂ ਦੀ ਰੇਲ ਕਿਰਾਏ ’ਚ ਛੋਟ ਬਹਾਲ ਕਰਨ ਅਤੇ ਨਾਨ-ਏਸੀ ਰੇਲਾਂ ਵਧਾਉਣ ਦੀ ਕੀਤੀ ਜ਼ੋਰਦਾਰ ਮੰਗ ਤਪਾ ਮੰਡੀ ਸਟੇਸ਼ਨ ਤੇ ਬੰਦ ਕੀਤੇ ਗਏ ਰੇਲਾਂ ਦੇ ਠਹਿਰਾਅ ਨੂੰ ਮੁੜ ਬਹਾਲ ਕਰਨ ਦੀ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਦਨ ’ਚ ਰੇਲਵੇ ਮੰਤਰਾਲੇ ਦੀਆਂ ਗ੍ਰਾਂਟਾਂ ਦੀਆਂ ਮੰਗਾਂ ’ਚ ਬਹਿਸ ਦੌਰਾਨ ਹਿੱਸਾ ਲੈਂਦਿਆਂ ਦੇਸ਼ ਦੇ ਆਮ ਨਾਗਰਿਕਾਂ ਤੇ ਖਾਸ ਕਰ ਕੇ ਪੰਜਾਬ ਤੇ ਸੰਗਰੂਰ ਲੋਕ ਸਭਾ ਹਲਕੇ ਨਾਲ ਜੁੜੇ ਅਹਿਮ ਮੁੱਦੇ ਚੁੱਕੇ। ਆਪਣੇ ਸੰਬੋਧਨ ’ਚ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਨਾਨ-ਏਸੀ (ਆਮ) ਟਰੇਨਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਰੋਜ਼ਾਨਾ 2 ਕਰੋੜ ਤੋਂ ਵੱਧ ਲੋਕ ਰੇਲਾਂ ’ਚ ਸਫਰ ਕਰਦੇ ਹਨ ਅਤੇ ਲੱਖਾਂ ਲੋਕਾਂ ਨੂੰ ਵੇਟਿੰਗ ਲਿਸਟ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 97% ਆਬਾਦੀ ਆਮ (ਨਾਨ-ਏਸੀ) ਰੇਲਾਂ ’ਚ ਸਫਰ ਕਰਦੀ ਹੈ ਅਤੇ ਸਿਰਫ਼ 3% ਲੋਕ ਹੀ ਮਹਿੰਗੀਆਂ ਏਸੀ ਜਾਂ ਵੰਦੇ ਭਾਰਤ ਟਰੇਨਾਂ ’ਚ ਸਫ਼ਰ ਕਰਦੇ ਹਨ। ਇਸ ਲਈ ਆਮ ਲੋਕਾਂ ਦੀ ਸਹੂਲਤ ਲਈ ਨਾਨ-ਏਸੀ ਰੇਲਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇ ਕਿਉਂਕਿ ਮੌਜੂਦਾ ਸਮੇਂ 18,000 ਦੀ ਬਜਾਏ ਸਿਰਫ਼ 13,000 ਯਾਤਰੀ ਰੇਲਾਂ ਹੀ ਚੱਲ ਰਹੀਆਂ ਹਨ। ਮੀਤ ਹੇਅਰ ਨੇ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਦੌਰਾਨ ਸੀਨੀਅਰ ਸਿਟੀਜ਼ਨਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਮਰੀਜ਼ਾਂ ਲਈ ਰੇਲ ਕਿਰਾਏ ’ਚ ਦਿੱਤੀ ਜਾਂਦੀ ਛੋਟ ਬੰਦ ਕਰ ਦਿੱਤੀ ਗਈ ਸੀ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਪੈਂਡਿੰਗ ਕੰਮਾਂ ਬਾਰੇ ਉਨ੍ਹਾਂ ਦੱਸਿਆ ਕਿ ਸੰਗਰੂਰ, ਸੁਨਾਮ ਤੇ ਧੂਰੀ ਸਟੇਸ਼ਨਾਂ ਨੂੰ ਇਸ ਸਕੀਮ ਤਹਿਤ ਚੁਣਿਆ ਗਿਆ ਸੀ, ਪਰ ਇੱਥੇ ਅਜੇ ਵੀ ਕੰਮ ਪੈਂਡਿੰਗ ਪਿਆ ਹੈ। ਉਨ੍ਹਾਂ ਅਹਿਮ ਮੁੱਦਾ ਚੁੱਕਿਆ ਕਿ ਪਿਛਲੇ 7 ਮਹੀਨਿਆਂ ਤੋਂ ਧੂਰੀ ਵਿਖੇ ਕੋਈ ਸਪੈਸ਼ਲ ਮਾਲ ਗੱਡੀ ਨਹੀਂ ਲੱਗੀ, ਜਿਸ ਕਾਰਨ ਧੂਰੀ, ਬਰਨਾਲਾ ਅਤੇ ਸੰਗਰੂਰ ਦੇ ਸ਼ੈਲਰ ਪੂਰੀ ਤਰ੍ਹਾਂ ਭਰ ਚੁੱਕੇ ਹਨ। ਆਉਣ ਵਾਲੇ ਸੀਜ਼ਨ ’ਚ ਨਵੀਂ ਫਸਲ ਰੱਖਣ ਲਈ ਜਗ੍ਹਾ ਨਹੀਂ ਹੈ, ਇਸ ਲਈ ਇਸਦਾ ਬਦਲਵਾਂ ਪ੍ਰਬੰਧ ਜਲਦ ਕੀਤਾ ਜਾਵੇ। ਕੋਵਿਡ ਦੌਰਾਨ ਤਪਾ ਮੰਡੀ ਸਟੇਸ਼ਨ ਤੇ ਬੰਦ ਕੀਤੇ ਗਏ ਟਰੇਨਾਂ ਦੇ ਠਹਿਰਾਅ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ’ਚ ਨੰਦੇੜ ਸਾਹਿਬ ਵਾਲੀ ਟਰੇਨ, ਰਿਸ਼ੀਕੇਸ਼ ਵਾਲੀ ਟਰੇਨ ਅਤੇ ਦਿੱਲੀ ਵਾਲੀ ਟਰੇਨ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਗੰਗਾਨਗਰ ਤੋਂ ਰਿਸ਼ੀਕੇਸ਼ ਜਾਣ ਵਾਲੀ ਇੰਟਰਸਿਟੀ ਟਰੇਨ ’ਚ ਬਜ਼ੁਰਗ ਵੱਡੀ ਗਿਣਤੀ ’ਚ ਸਫਰ ਕਰਦੇ ਹਨ, ਇਸ ਲਈ ਇਸ ’ਚ ਘੱਟੋ-ਘੱਟ 5 ਵਾਧੂ ਜਨਰਲ ਕੋਚ ਅਤੇ 1 ਏਸੀ ਚੇਅਰ ਕਾਰ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਬਰਨਾਲਾ ਸ਼ਹਿਰ ਦੇ ਅੰਦਰ ਸੇਖਾ ਫਾਟਕ ਅਤੇ ਖੁੱਡੀ ਰੋਡ ਤੋਂ ਹੰਡਿਆਇਆ ਰੋਡ ਦੇ ਵਿਚਕਾਰਲੇ ਫਾਟਕ ਤੇ ਅੰਡਰਬ੍ਰਿਜ ਬਣਾਉਣ ਦੀ ਮੰਗ ਰੱਖੀ ਗਈ।