ਤਪਾ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ, ਆੜ੍ਹਤੀਆਂ ਦੀ ਹੜਤਾਲ ਕਾਰਨ ਖ਼ਰੀਦ ਨਹੀਂ
ਤਪਾ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ, ਆੜਤੀਆਂ ਦੀ ਹੜਤਾਲ ਕਾਰਨ ਖਰੀਦ ਨਹੀਂ
Publish Date: Mon, 06 Apr 2026 05:42 PM (IST)
Updated Date: Tue, 07 Apr 2026 04:03 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਨਵੀਂ ਫ਼ਸਲ ਦੀ ਖ਼ਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜਿਸਦੇ ਚਲਦਿਆਂ ਇਲਾਕੇ ਦੀ ਬਾਹਰਲੀ ਮੰਡੀ ’ਚ ਭਾਵੇਂ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਪਰੰਤੂ ਅਜੇ ਇੱਕਾ-ਦੁਕਾ ਢੇਰੀ ਹੀ ਦੇਖਣ ਨੂੰ ਮਿਲ ਰਹੀਆਂ ਹਨ। ਜਦ ਪੱਤਰਕਾਰਾਂ ਦੀ ਟੀਮ ਨੇ ਬਾਹਰਲੀ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਨਜ਼ਦੀਕੀ ਪਿੰਡ ਮਹਿਤਾ ਦੇ ਕਿਸਾਨ ਨਛੱਤਰ ਸਿੰਘ ਵੱਲੋਂ ਮੰਡੀ ਚ ਕਣਕ ਦੀ ਢੇਰੀ ਲਿਆਦੀ ਗਈ। ਗੱਲਬਾਤ ਦੌਰਾਨ ਕਿਸਾਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਰਸਾਤ ’ਤੇ ਚੱਲ ਰਹੀ ਤੇਜ਼ ਹਨੇਰੀ ਨੇ ਕਣਕ ਨੂੰ ਖੇਤਾਂ ’ਚ ਵਿਛਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਇਸ ਵਾਰ ਕਣਕ ਦਾ ਝਾੜ ਵਧਣ ਦੀ ਬਜਾਏ ਘਟੇਗਾ, ਜਿਸਦੀ ਮਾਰ ਕਿਸਾਨਾਂ ਨੂੰ ਝੱਲਣੀ ਪਵੇਗੀ। ਜਦ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਉਧਰ ਦੂਜੇ ਪਾਸੇ ਪੂਰੇ ਪੰਜਾਬ ਵਿੱਚ ਆੜਤੀਆ ਐਸੋਸੀਏਸ਼ਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਉੱਪਰ ਚੱਲ ਰਹੀ ਹੈ ਜਿਸ ਕਾਰਨ ਮੰਡੀਆਂ ’ਚ ਕਣਕ ਖਰੀਦ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਠੱਪ ਪਈ ਹੈ, ਪਰ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਖਰਾਬ ਮੌਸਮ ਕਾਰਨ ਕਣਕ ਦੀ ਵਾਢੀ ਚ ਦੇਰੀ ਹੋ ਰਹੀ ਹੈ।ਜਦਕਿ ਸਰਕਾਰੀ ਖ਼ਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਵੇਅਰ ਹਾਊਸ ਕਾਰਪੋਰੇਸ਼ਨ, ਪਨਸਪ ਤੋਂ ਇਲਾਵਾ ਪ੍ਰਾਈਵੇਟ ਏਜੰਸੀਆਂ ਵੱਲੋਂ ਵੀ ਖ਼ਰੀਦ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਲਈ ਮੰਡੀਆਂ ’ਚ ਉਚਿਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।