ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਕੀਤਾ ਕਾਬੂ
ਪੁਲਿਸ ਦੀ ਵਰਦੀ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਕੀਤਾ ਕਾਬੂ
Publish Date: Mon, 23 Mar 2026 05:18 PM (IST)
Updated Date: Tue, 24 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਕੇ ਦੌਰਾਨ ਨਕਲੀ ਪੁਲਿਸ ਮੁਲਾਜ਼ਮ ਬਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਧਨੌਲਾ ਦੇ ਮੁੱਖ ਅਫਸਰ ਇੰਸ. ਲਖਬੀਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਪੁਲਿਸ ਨੂੰ ਇਕ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਜਿਨ੍ਹਾਂ ਨੇ ਪੁਲਿਸ ਦੀਆਂ ਵਰਦੀਆਂ ਪਾਈਆਂ ਹਨ ਤੇ ਉਹ ਭੋਲੇ ਭਲੇ ਲੋਕਾਂ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰ ਰਹੇ ਹਨ, ਜੇਕਰ ਕਾਰਵਾਈ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦੇ ਹਨ, ਜਿਸ ’ਤੇ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਸੇਵਾ ਸਿੰਘ, ਹੌਲਦਾਰ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਰੇਡ ਕੀਤਾ ਤਾਂ ਤਿੰਨ ਵਿਅਕਤੀ ਇਨੋਵਾ ਕਾਰ ’ਚ ਵਰਦੀ ਪਹਿਨੀ ਹੋਈ ਬੈਠੇ ਸਨ, ਜਿਨ੍ਹਾਂ ਦੀ ਪਹਿਚਾਣ ਸੰਦੀਪ ਕੁਮਾਰ ਪੁੱਤਰ ਅਜੇ ਕੁਮਾਰ ਵਾਸੀ ਚੱਕ ਮਹੰਤਾ ਵਾਲਾ, ਫਿਰੋਜਪੁਰ, ਅਜੇ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਨਕੇ ਉਤਾੜ,ਫਿਰੋਜਪੁਰ ਤੇ ਗੁਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮੁਨਕੇ ਉਤਾੜ, ਫਿਰੋਜਪੁਰ ਵਜੋਂ ਹੋਈ, ਜੋ ਕਿ ਪੰਜਾਬ ਪੁਲਿਸ ਦੀ ਜਾਅਲੀ ਵਰਦੀ ਪਹਿਨ ਕੇ ਅਤੇ ਜਾਅਲੀ ਆਈਡੀ ਕਾਰਡ ਵਰਤ ਕੇ ਵੱਖ-ਵੱਖ ਜਿਲ੍ਹਿਆਂ ’ਚ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਜਬਰੀ ਵਸੂਲੀ ਕਰਦੇ ਸਨ, ਜਿਨ੍ਹਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜੇ ’ਚੋਂ ਇਕ ਇਨੋਵਾ ਕਾਰ, ਪੁਲਿਸ ਦੀ ਵਰਦੀ ਪੱਗ ਲਾਲ, ਖਾਖੀ ਬੂਟ, ਬਰਾਮਦ ਕੀਤੇ। ਜਿਨ੍ਹਾਂ ਖ਼ਿਲਾਫ਼ ਥਾਣਾ ਧਨੌਲਾ ’ਚ ਮੁਕੱਦਮਾ ਦਰਜ ਕੀਤਾ ਗਿਆ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।