ਬਰਨਾਲਾ 'ਚ ਮਾੜੀਆਂ ਸਿਹਤ ਸਹੂਲਤਾਂ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਿਆ
ਬਰਨਾਲਾ 'ਚ ਮਾੜੀਆਂ ਸਿਹਤ ਸਹੂਲਤਾਂ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਿਆ
Publish Date: Tue, 10 Mar 2026 03:38 PM (IST)
Updated Date: Wed, 11 Mar 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਸਿਵਲ ਹਸਪਤਾਲ ਦੀ ਤਰਸਯੋਗ ਹਾਲਤ ਦਾ ਮੁੱਦਾ ਇੱਕ ਵਾਰ ਫਿਰ ਵਿਧਾਨ ਸਭਾ ’ਚ ਗੂੰਜਿਆ। ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਧਾਨ ਸਭਾ ’ਚ ਸਿਵਲ ਹਸਪਤਾਲ ’ਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਦਾ ਮੁੱਦਾ ਉਠਾਉਂਦੇ ਹੋਏ ਸਰਕਾਰ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵੱਲ ਧਿਆਨ ਦੇਣ ਲਈ ਕਿਹਾ। ਵਿਧਾਨ ਸਭਾ ਚ ਮੁੱਦਾ ਉਠਾਉਂਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਬਰਨਾਲਾ ਦਾ ਹਸਪਤਾਲ ਰੈਫਰ ਸੈਂਟਰ ਬਣ ਚੁੱਕਾ ਹੈ ਜਿੱਥੋਂ ਮਾਮੂਲੀ ਬਿਮਾਰੀਆਂ ਅਤੇ ਸੱਟਾਂ ਵਾਲੇ ਮਰੀਜ਼ਾਂ ਨੂੰ ਵੀ ਤੁਰੰਤ ਫਰੀਦਕੋਟ, ਪਟਿਆਲਾ ਰੈਫ਼ਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਈਐਮਓ ਦੀਆਂ ਅਸਾਮੀਆਂ ਵੀ ਵੱਡੀ ਪੱਧਰ ਤੇ ਖਾਲੀ ਹਨ। ਵਿਧਾਇਕ ਢਿੱਲੋ ਨੇ ਬਰਨਾਲਾ ਦੇ ਜੱਚਾ ਬੱਚਾ ਕੇਂਦਰ ’ਚ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਬੱਚਿਆਂ ਦੀ ਨਰਸਰੀ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਹਿਲੇ ਸੈਸ਼ਨ ’ਚ ਵੀ ਇਹ ਮੁੱਦਾ ਉਠਾਇਆ ਸੀ ਪਰੰਤੂ ਇਸ ਦਾ ਕੋਈ ਹੱਲ ਨਹੀਂ ਹੋਇਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਕਾਗਜ਼ਾਂ ’ਚ ਹੀ ਸਿਹਤ ਕ੍ਰਾਂਤੀ ਦਾ ਢਿੰਡੋਰਾ ਪਿੱਟ ਰਹੀ ਹੈ, ਅਮਲ ’ਚ ਕੁਝ ਨਹੀਂ ਕਰਨਾ ਚਾਹੁੰਦੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਹੈਰਾਨੀਜਨਕ ਅਤੇ ਦੁੱਖ ਦੀ ਗੱਲ ਹੈ ਕਿ ਬਰਨਾਲਾ ਸਿਵਲ ਹਸਪਤਾਲ ’ਚ ਬਲੱਡ ਬੈਂਕ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਪਈ ਹੈ। ਸਿਵਲ ਹਸਪਤਾਲ ਬਰਨਾਲਾ ਦੇ ਨਾਲ ਨਾਲ ਵਿਧਾਇਕ ਢਿੱਲੋਂ ਨੇ ਜ਼ਿਲ੍ਹੇ ਦੇ ਹੋਰ ਪੀਐਚਸੀ, ਸੀਐਚਸੀ ਅਤੇ ਆਮ ਆਦਮੀ ਕਲੀਨਿਕਾਂ ਦੀ ਮਾੜੀ ਹਾਲਤ ਦਾ ਮੁੱਦਾ ਵੀ ਚੁੱਕਿਆ। ਵਿਧਾਇਕ ਢਿੱਲੋਂ ਨੇ ਇੱਕ ਵਾਰ ਫੇਰ ਬਰਨਾਲਾ ਵਿਖੇ ਪਿਛਲੀ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਹੋਏ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਹੈ ਇਹ ਹਸਪਤਾਲ ਬਣਨਾ ਚਾਹੀਦਾ ਹੈ। ਵਿਧਾਇਕ ਕਾਲਾ ਢਿੱਲੋ ਨੇ ਤੱਥਾਂ ਸਮੇਤ ਵਿਧਾਨ ਸਭਾ ’ਚ ਬਰਨਾਲਾ ਜ਼ਿਲ੍ਹੇ ਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਦੀ ਪੋਲ ਖੋਲ੍ਹ ਦਿੱਤੀ, ਜਿਸ ਤੋਂ ਬਾਅਦ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਆਖ਼ਰ ਮੌਜੂਦਾ ਸਰਕਾਰ ਦੇ ਚਾਰ ਸਾਲ ਬੀਤਣ ਤੱਕ ਵੀ ਬਰਨਾਲਾ ਦੇ ਸੱਤਾਧਾਰੀ ਆਗੂਆਂ ਨੇ ਸਿਹਤ ਖੇਤਰ ਦੇ ਮਾਮਲੇ ’ਚ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੀ ਤਰਸਯੋਗ ਹਾਲਤ ਸੁਧਾਰਨ ਲਈ ਕੋਈ ਕਦਮ ਕਿਉਂ ਨਹੀਂ ਚੁੱਕਿਆ। ਦੱਸ ਦੇਈਏ ਕਿ ਜੱਚਾ ਬੱਚਾ ਕੇਂਦਰ ਦੀ ਬੰਦ ਪਈ ਬੱਚਾ ਨਰਸਰੀ ਦਾ ਮੁੱਦਾ ਪੱਤਰਕਾਰਾਂ ਨੇ ਸਿਹਤ ਮੰਤਰੀ ਦੇ ਬਰਨਾਲਾ ਦੌਰੇ ਦੌਰਾਨ ਉਠਾਇਆ ਸੀ ਪ੍ਰੰਤੂ ਇਸਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਹੋਇਆ ਤੇ ਹੁਣ ਸਥਾਨਕ ਵਿਧਾਇਕ ਵੱਲੋਂ ਇਹੀ ਮੁੱਦਾ ਵਿਧਾਨ ਸਭਾ ਚ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ ਹੈ। ਇਸ ਮਾਮਲੇ ਸਬੰਧੀ ਫੋਨ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਡਿਊਟੀ ਸਿਰਫ਼ ਵਿਧਾਨ ਸਭਾ ’ਚ ਮੁੱਦੇ ਉਠਾਉਣਾ ਨਹੀਂ ਸਗੋਂ ਉਹ ਆਪਣੇ ਵੱਲੋਂ ਵਿਧਾਨ ਸਭਾ ਚ ਉਠਾਏ ਗਏ ਮਸਲਿਆਂ ਨੂੰ ਹੱਲ ਕਰਵਾਉਣ ਤੱਕ ਯਤਨਸ਼ੀਲ ਰਹਿਣਗੇ।