14 ਦੀ ਰੈਲੀ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ : ਧਨੌਲਾ, ਘਨੌਰੀ
14 ਮਾਰਚ ਦੀ ਮੋਗਾ ਵਿਸ਼ਾਲ
Publish Date: Sat, 28 Feb 2026 04:40 PM (IST)
Updated Date: Sat, 28 Feb 2026 04:43 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਦੀ ਅਗਵਾਈ ਹੇਠ ਪਾਰਟੀ ਹਾਈਕਮਾਂਡ ਦੇ ਸੱਦੇ ’ਤੇ 14 ਮਾਰਚ ਨੂੰ ਕਿੱਲੀ ਚਹਿਲ (ਮੋਗਾ) ਵਿਖੇ ਹੋ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਮੰਡਲ ਪ੍ਰਧਾਨਾਂ ਅਤੇ ਅਹੁਦੇਦਾਰਾਂ ਨਾਲ ਇੱਕ ਅਹਿਮ ਮੀਟਿੰਗ ਸ਼ਗਨ ਪੈਲਸ ਕਸਬਾ ਮਹਿਲ ਕਲਾਂ ਵਿਖੇ ਕੀਤੀ ਗਈ। ਇਹ ਰੈਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਮੌਕੇ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਰੈਲੀ ਇੰਚਾਰਜ ਜਥੇਦਾਰ ਸੁਖਵੰਤ ਸਿੰਘ ਧਨੌਲਾ ਅਤੇ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਰੈਲੀ ਇੰਚਾਰਜ ਜਥੇਦਾਰ ਸੁਖਵੰਤ ਸਿੰਘ ਧਨੌਲਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਅਤੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 14 ਮਾਰਚ ਦੀ ਮੋਗਾ ਰੈਲੀ ਨੂੰ ਕਾਮਯਾਬ ਬਣਾਉਣ ਲਈ ਮੰਡਲ ਪੱਧਰ ’ਤੇ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਨਾਰਾਜ਼ ਹੈ ਅਤੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਬਦਲਾਅ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਕੀਤੇ ਜਾ ਰਹੇ ਫ਼ੈਸਲਿਆਂ ਕਾਰਨ ਦੇਸ਼ ਭਰ ’ਚ ਭਾਜਪਾ ਦੇ ਹੱਕ ’ਚ ਲਹਿਰ ਬਣ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਭਾਜਪਾ ’ਚ ਸ਼ਾਮਿਲ ਹੋ ਰਹੇ ਹਨ ਅਤੇ 14 ਮਾਰਚ ਦੀ ਰੈਲੀ ਭਵਿੱਖ ’ਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਵੱਲ ਇਕ ਅਹਿਮ ਕਦਮ ਸਾਬਤ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚੋਂ ਵੱਡੀ ਗਿਣਤੀ ’ਚ ਵਰਕਰ ਕਾਫਲਿਆਂ ਸਮੇਤ ਮੋਗਾ ਰੈਲੀ ’ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਮੰਡਲ ਮਹਿਲ ਕਲਾਂ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ, ਮੰਡਲ ਸੇਰਪੁਰ ਦੇ ਪ੍ਰਧਾਨ ਸੁਸ਼ੀਲ ਕੁਮਾਰ, ਮੰਡਲ ਠੀਕਰੀਵਾਲ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਅਤੇ ਮੰਡਲ ਬਖਤਗੜ੍ਹ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਭਰੋਸਾ ਦਵਾਇਆ ਕਿ ਪਿੰਡ ਪੱਧਰ ’ਤੇ ਮੁਹਿੰਮ ਚਲਾ ਕੇ ਹਰ ਵਰਗ ਦੇ ਲੋਕਾਂ ਨੂੰ ਰੈਲੀ ’ਚ ਲਿਆਂਦਾ ਜਾਵੇਗਾ। ਇਸ ਮੌਕੇ ਸੰਤ ਸਿੰਘ ਧੂਰੀ, ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਮਿੱਤਲ, ਮਹਿਲਾ ਮੋਰਚਾ ਆਗੂ ਰਾਣੀ ਕੌਰ ਠੀਕਰੀਵਾਲ, ਨਰਿੰਦਰਪਾਲ ਸਿੰਘ ਕੁਰੜ, ਲਖਬੀਰ ਸਿੰਘ ਚੀਮਾ, ਗਿਆਨੀ ਮਹਿੰਦਰ ਸਿੰਘ ਮਹਿਲ ਕਲਾਂ ਅਤੇ ਰਣਜੀਤ ਸਿੰਘ ਧਾਲੀਵਾਲ ਸਮੇਤ ਕਈ ਹੋਰ ਵਰਕਰ ਹਾਜ਼ਰ ਸਨ।