ਡੀਐੱਮਆਈ ਭੋਪਾਲ ਦੀ ਟੀਮ ਵੱਲੋਂ ਬਰਨਾਲਾ ਦਾ ਦੌਰਾ
ਡੀਐੱਮਆਈ ਭੋਪਾਲ ਦੀ ਟੀਮ ਵਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ, ਸਨਅਤਾਂ ’ਚ ਸੁਰੱਖਿਆ ਮਾਪਦੰਡਾਂ ਨੂੰ ਘੋਖਿਆ
Publish Date: Tue, 10 Feb 2026 05:12 PM (IST)
Updated Date: Wed, 11 Feb 2026 04:03 AM (IST)

ਸਨਅਤਾਂ ’ਚ ਸੁਰੱਖਿਆ ਮਾਪਦੰਡਾਂ ਨੂੰ ਘੋਖਿਆ ਵਿਭਾਗਾਂ ਨਾਲ ਮੀਟਿੰਗ ਕਰ ਕੇ ਆਫ ਸਾਈਟ ਆਫ਼ਤ ਪ੍ਰਬੰਧਨ ਪਲਾਨ ਦੇ ਅਹਿਮ ਪੱਖਾਂ ਬਾਰੇ ਦਿੱਤੀ ਜਾਣਕਾਰੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਵੱਡੀਆਂ ਉਦਯੋਗਿਕ ਇਕਾਈਆਂ ਸਮੇਤ ਵੱਡੀ ਗਿਣਤੀ ਸਨਅਤਾਂ ਹੋਣ ਦੇ ਮੱਦੇਨਜ਼ਰ ਰਸਾਇਣਿਕ ਰਸਾਅ ਜਿਹੀਆਂ ਸੰਭਾਵੀ ਘਟਨਾਵਾਂ/ ਐਮਰਜੈਂਸੀ ਆਫ਼ਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਜ਼ਾਇਜ਼ੇ ਤੇ ਮਾਰਗਦਰਸ਼ਨ ਲਈ ਆਫ਼ਤ ਪ੍ਰਬੰਧਨ ਸੰਸਥਾ (ਡਿਜ਼ਾਸਟਰ ਮੈਨੇਜਮੈਂਟ) ਭੋਪਾਲ ਦੀ 3 ਮੈਂਬਰੀ ਟੀਮ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੀ ਅਹਿਮ ਮੀਟਿੰਗ ਹੋਈ, ਜਿਸ ’ਚ ਡੀਸੀ ਨੇ ਕਿਹਾ ਕਿ ਡਿਸਟ੍ਰਿਕਟ ਮੈਨੇਜਮੈਂਟ ਇੰਸਟੀਚਿਊਟ, ਭੋਪਾਲ ਇਕ ਵੱਕਾਰੀ ਅਦਾਰਾ ਹੈ ਜਿਨ੍ਹਾਂ ਦੀ ਸੇਵਾਵਾਂ ਲੈ ਕੇ ਇਸ ਜ਼ਿਲ੍ਹੇ ’ਚ ਆਫ-ਸਾਈਟ ਮੈਨੇਜਮੈਂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹੀਏ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ ਟਰਾਈਡੈਂਟ, ਆਈ ਓ ਐੱਲ ਜਿਹੀਆਂ ਵੱਡੀਆਂ ਸਨਅਤਾਂ ਹਨ, ਇਸ ਤੋਂ ਇਲਾਵਾ ਵੱਡੀ ਗਿਣਤੀ ਹੋਰ ਸਨਅਤੀ ਇਕਾਈਆਂ ਹਨ, ਜਿਸ ਦੇ ਮੱਦੇਨਜ਼ਰ ਇਹ ਵਰਤਣੇ ਅਤੇ ਆਫ਼ਤ ਪ੍ਰਬੰਧਨ ਤਿਆਰੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਡੀਐੱਮਆਈ ਭੋਪਾਲ ਦੀ ਟੀਮ ਦੇ ਮੈਂਬਰ ਡਾ. ਸੁਧੀਰ ਦੀਵੇਦੀ (ਜੁਆਇੰਟ ਡਾਇਰੈਕਟਰ, ਕੰਸਲਟੈਂਸੀ ਐਂਡ ਅਵੇਅਰਨੈਸ ਡਿਵੀਜ਼ਨ) ਨੇ ਪ੍ਰੈਜ਼ੇਂਨਟੇਸ਼ਨ ਰਾਹੀਂ ਆਫ-ਸਾਈਟ ਡਿਜ਼ਾਸਟਰ ਮੈਨੇਜਮੈਂਟ ਪਲਾਨ ਬਣਾਉਣ ਲਈ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਿਸ ’ਚ ਐਮਰਜੈਂਸੀ ਪਲਾਨ ਦੀ ਮਹੱਤਤਾ, ਐਮਰਜੈਂਸੀ ਪ੍ਰੋਸੀਜ਼ਰ, ਵੱਖ ਵੱਖ ਸਨਅਤਾਂ ਨੂੰ ਡਾਟਾ ਤਿਆਰ ਕਰਨਾ, ਸਨਅਤਾਂ ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਸਕੂਲ, ਕਾਲਜ, ਹਸਪਤਾਲ ਆਦਿ ਬਾਰੇ ਜਾਣਕਾਰੀ ਸ਼ਾਮਲ ਕਰਨਾ, ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਅਤੇ ਵਿਭਾਗਾਂ ਨਾਲ ਸਬੰਧਤ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਾਇਆ ਗਿਆ। ਇਸ ਟੀਮ ’ਚ ਪ੍ਰਿਯੰਕਾ ਸਕਸੈਨਾ ਅਸਿਸਟੈਂਟ ਡਾਇਰੈਕਟਰ (ਡੀਐਮਆਈ, ਭੋਪਾਲ) ਅਤੇ ਕੁਮਾਰ ਦੀਪਾਂਕਰ ਟੈਕਨੀਕਲ ਐਕਸਪਰਟ (ਡੀ ਐਮ ਆਈ ਭੋਪਾਲ) ਵੀ ਸ਼ਾਮਲ ਸਨ। ਇਸ ਮਗਰੋਂ ਟੀਮ ਵਲੋਂ ਟਰਾਈਡੈਂਟ ਧੌਲਾ ਅਤੇ ਆਈ ਓ ਐੱਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਟੀਮ ਵਲੋਂ ਟਰਾਈਡੈਂਟ ਵਿਖੇ ਫਾਇਰ ਅਲਾਰਮ ਸੈਂਟਰ, ਮਲਟੀਪਰਪਜ਼ ਹੈਲਥ ਸੈਂਟਰ, ਫਾਇਰ ਟੈਂਡਰ, ਕਲੋਰੀਨ ਹੈਂਡਲਿੰਗ ਪਲਾਂਟ, ਪੇਪਰ ਪਲਾਂਟ, ਸੋਡੀਅਮ ਕਲੋਰਾਈਡ ਦਾ ਸਟੋਰ ਅਤੇ ਆਈ ਓ ਐਲ ਵਿਖੇ ਕਲੋਰੀਨ ਯਾਰਡ ਸਮੇਤ ਹੋਰ ਯੂਨਿਟਾਂ ਦਾ ਦੌਰਾ ਕੀਤਾ ਗਿਆ ਅਤੇ ਸੁਰੱਖਿਆ ਮਾਪਦੰਡ ਘੋਖੇ ਗਏ ਅਤੇ ਤਸੱਲੀ ਪ੍ਰਗਟਾਈ ਗਈ। ਡਿਪਟੀ ਡਾਇਰੈਕਟਰ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਨੇ ਦੱਸਿਆ ਕਿ ਟੀਮ ਵਲੋਂ ਭਲਕੇ ਵੀ ਵੱਖ ਵੱਖ ਸਨਅਤੀ ਇਕਾਈਆਂ ਦਾ ਦੌਰਾ ਕੀਤਾ ਜਾਵੇਗਾ। ਇਸ ਮੌਕੇ ਟਰਾਈਡੈਂਟ ਤੋਂ ਰਮਨ ਚੌਧਰੀ ਐਡਮਿਨ ਹੈੱਡ, ਪੁਨੀਤ ਜਿੰਦਲ ਈਐਸਜੀ, ਆਈ ਓ ਐਲ ਤੋਂ ਬਸੰਤ ਸਿੰਘ ਐਚ ਆਰ ਐਂਡ ਐਡਮਿਨ ਹੈੱਡ ਤੇ ਦਵਿੰਦਰ ਸਿੰਘ ਈਐਚਐਸ ਹੈੱਡ ਵੀ ਮੌਜੂਦ ਸਨ।