ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ ਪਿੰਡਾਂ ’ਚ ਵਿਚਾਰ ਚਰਚਾਵਾਂ
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ ਪਿੰਡਾਂ ’ਚ ਵਿਚਾਰ ਚਰਚਾਵਾਂ
Publish Date: Fri, 20 Mar 2026 05:59 PM (IST)
Updated Date: Sat, 21 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜ ਗੁਰੁ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਕੇਂਦਰ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ 15 ਰੋਜ਼ਾ ਮੁਹਿੰਮ ਤਹਿਤ ਪਿੰਡ-ਪਿੰਡ ਵਿਚਾਰ ਚਰਚਾਵਾਂ ਦਾ ਅਮਲ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਕਰਦਿਆਂ ਡਾ. ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ ਤੇ ਭੋਲਾ ਸਿੰਘ ਛੰਨਾਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਇਨਕਲਾਬ-ਜਿੰਦਾਬਾਦ ਤੇ ਸਾਮਰਾਜਵਾਦ-ਮੁਰਦਾਬਾਦ ਦੇ ਹਕੀਕੀ ਅਰਥਾਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ਼ਹੀਦਾਂ ਨੇ ਉਨ੍ਹਾਂ ਵੱਲੋਂ ਭਾਰਤੀ ਲੋਕਾਂ ਦੀ ਮੁਕੰਮਲ ਬੰਦ ਖ਼ਲਾਸੀ ਲਈ ਸੁਪਨਾ ਸੀ ਕਿ ਨੰਗੇ ਚਿੱਟੇ ਅਨਿਆਂ ’ਤੇ ਟਿਕਿਆ ਇਹ ਲੋਕ ਵਿਰੋਧੀ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ। 1947 ਦੀ ਸਤਾ ਬਦਲੀ ਵੇਲੇ ਢਾਂਚਾ ਉਹੀ ਕਾਇਮ ਰਿਹਾ ਸਿਰਫ਼ ਤੇ ਸਿਰਫ਼ ਭੂਰੀ ਚਮੜੀ ਵਾਲੇ ਅੰਗਰੇਜ਼ ਹਾਕਮਾਂ ਦੀ ਥਾਂ ਕਾਲੀ ਚਮੜੀ ਵਾਲੇ ਹਾਕਮ ਸਤਾ ਉੱਪਰ ਕਾਬਜ਼ ਹੋ ਗਏ ਹਨ। ਆਗੂਆਂ ਨੇ ਲੋਕ ਵਿਰੋਧੀ ਸਮਝੌਤੇ/ਸੰਧੀਆਂ ਰੱਦ ਕਰਨ ਵਜੋਂ ਪੰਜਾਬ ਦੀਆਂ ਕਿਸਾਨ-ਮਜਦੂਰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਵਜੋਂ ਬਰਨਾਲਾ ਵਿਖੇ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।