ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਬਾਰੇ ਵਿਦਿਆਰਥੀਆਂ ਨਾਲ ਚਰਚਾ
ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ
Publish Date: Wed, 18 Mar 2026 04:58 PM (IST)
Updated Date: Wed, 18 Mar 2026 05:01 PM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ
ਸੰਗਰੂਰ : ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਆਗਾਮੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 12 ਮਾਰਚ ਤੋਂ 27 ਮਾਰਚ ਤੱਕ ਮਨਾਏ ਜਾ ਰਹੇ ਸ਼ਹੀਦੀ ਪੰਦਰਵਾੜੇ ਤਹਿਤ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ, ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ ਤੇ ਮੰਚ ਦੇ ਮੈਂਬਰ ਜਗਦੇਵ ਵਰਮਾ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਕੁੜੀਆਂ) ਸੰਗਰੂਰ ਵਿਖੇ ਵਿਦਿਆਰਥੀਆਂ ਨਾਲ ਸ਼ਹੀਦਾਂ ਦੇ ਵਿਚਾਰਾਂ ਦੀ ਸਾਂਝ ਪਾਈ। ਬਲਬੀਰ ਲੌਂਗੋਵਾਲ ਨੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ, ਉਨ੍ਹਾਂ ਦੇ ਡੂੰਘੇ ਅਧਿਐਨ, ਉਨ੍ਹਾਂ ਦੇ ਸੁਪਨਿਆਂ ਦੀ ਆਜ਼ਾਦੀ ਤੇ ਛੋਟੀ ਉਮਰ ਵਿੱਚ ਸ਼ਹੀਦੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਰਾਕੇਸ਼ ਕੁਮਾਰ ਨੇ ਫਿਰੋਜ਼ਪੁਰ ਸਥਿਤ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਗੁਪਤ ਟਿਕਾਣੇ, ਉੱਥੇ ਆਉਣ ਵਾਲੇ ਦੇਸ਼ ਭਗਤਾਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਗੁਪਤ ਟਿਕਾਣੇ ਨੂੰ ਜਲਦੀ ਮਿਊਜ਼ੀਅਮ ਤੇ ਲਾਇਬ੍ਰੇਰੀ ਵਿੱਚ ਬਦਲੇ। ਜਗਦੇਵ ਵਰਮਾ ਨੇ ਇਨਕਲਾਬੀ ਗੀਤ ਗਾ ਕੇ ਵਿਦਿਆਰਥੀਆਂ ਵਿੱਚ ਜੋਸ਼ ਭਰਿਆ। ਮੰਚ ਵੱਲੋਂ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਬਾਰੇ ਛਪਿਆ ਪਰਚਾ ਵੀ ਵਿਦਿਆਰਥੀਆਂ ਨੂੰ ਵੰਡਿਆ ਗਿਆ।