ਗੁਰਦੁਆਰਾ ਸਾਹਿਬ ਅੱਗੇ ਜਮ੍ਹਾਂ ਪਾਣੀ ਬਣਿਆ ਮੁਸੀਬਤ
ਗੁਰਦੁਆਰਾ ਨਾਨਕਸਰ ਠਾਠ ਤੇ ਹਸਪਤਾਲ ਅੱਗੇ ਖੜਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ
Publish Date: Thu, 09 Apr 2026 04:46 PM (IST)
Updated Date: Fri, 10 Apr 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੀ ਸੱਤਾ ’ਤੇ ਸਮੇਂ-ਸਮੇਂ ਅਨੁਸਾਰ ਰਾਜ ਕਰਨ ਵਾਲੀਆਂ ਸਰਕਾਰਾਂ ਵੱਲੋਂ ਭਾਵੇਂ ਸੂਬੇ ’ਚ ਵਾਧੂ ਵਿਕਾਸ ਕਰਵਾਉਣ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ। ਖਾਸ ਤੌਰ ’ਤੇ ਪੰਜਾਬ ’ਚ ਲੰਬੀਆਂ ਚੌੜੀਆਂ ਨਵੀਆਂ ਸੜਕਾਂ ਬਣਾਉਣ ਦਾ ਵਧੇਰੇ ਜ਼ਿਕਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਸੜਕਾਂ ਉੱਪਰ ਪਾਣੀ ਦੇ ਨਿਕਾਸੀ ਪ੍ਰਬੰਧ ਨਾ ਹੋਣ ਕਰਕੇ ਇਹ ਅਖੌਤੀ ਵਿਕਾਸ ਆਮ ਲੋਕਾਂ ਲਈ ਸਿਰਦਰਦੀ ਬਣ ਰਿਹਾ ਜਿਸ ਦੀ ਤਾਜ਼ਾ ਮਿਸਾਲ ਬਰਨਾਲਾ ਦੇ ਆਈਟੀਆਈ ਚੌਕ ਤੋਂ ਕਚਹਿਰੀ ਚੌਕ ਨੂੰ ਜਾਂਦੇ ਸਮੇਂ ਗੁਰਦੁਆਰਾ ਨਾਨਕਸਰ ਠਾਠ ਤੇ ਇਕ ਨਿੱਜੀ ਹਸਪਤਾਲ ਦੇ ਨਜ਼ਦੀਕ ਮੁੱਖ ਸੜਕ ’ਤੇ ਖੜ੍ਹਦਾ ਗੰਦਾ ਪਾਣੀ ਹੈ। ਦੱਸਣਯੋਗ ਹੈ ਕਿ ਥੋੜ੍ਹੀ ਬਹੁਤੀ ਬਰਸਾਤ ਹੋਣ ਦੇ ਨਾਲ ਹੀ ਇੱਥੇ ਪਾਣੀ ਦਾ ਟੋਭਾ ਬਣ ਜਾਂਦਾ ਹੈ। ਇਸ ਕਰਕੇ ਜਿੱਥੇ ਹੋਰਨਾਂ ਵੱਖ-ਵੱਖ ਸਾਧਨਾਂ ਰਾਹੀਂ ਜਾਂਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਇੱਥੋਂ ਪੈਦਲ ਗੁਜ਼ਰਨ ਵਾਲੇ ਲੋਕਾਂ ਲਈ ਤਾਂ ਇੱਥੋਂ ਲੰਘਣਾ ਬੰਦ ਹੋਣ ਬਰਾਬਰ ਹੋ ਜਾਂਦਾ ਹੈ। ਇੱਥੇ ਗੁਰਦੁਆਰਾ ਨਾਨਕਸਰ ਠਾਠ ਹੋਣ ਕਰਕੇ ਲੋਕ ਸਵੇਰੇ ਸ਼ਾਮ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ, ਸਵਖਤੇ ਲੋਕ ਆਉਂਦੇ ਹਨ। ਉਨ੍ਹਾਂ ਲਈ ਇਥੋਂ ਲੰਘਣਾ ਬਹੁਤ ਹੀ ਮੁਸ਼ਕਲ ਜਪਦਾ ਹੈ। ਇਸ ਕਰਕੇ ਇੱਥੋਂ ਦੇ ਸਥਾਨਕ ਲੋਕਾਂ ਵੱਲੋਂ ਮੌਜੂਦਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇੱਥੇ ਖੜ੍ਹਦੇ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਜਾਤ ਦਵਾਈ ਜਾਵੇ। ਇਸ ਪਾਣੀ ਦੇ ਨਿਕਾਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਹਸਪਤਾਲ ’ਚ ਮਰੀਜ਼ ਆਪਣੇ ਇਲਾਜ ਲਈ ਆਉਂਦੇ ਹਨ, ਉਨ੍ਹਾਂ ਨੂੰ ਵੀ ਜੋ ਭਾਰੀ ਸਮੱਸਿਆ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਵੀ ਉਨ੍ਹਾਂ ਨੂੰ ਰਾਹਤ ਮਿਲ ਸਕੇ।