ਡੀਆਈਜੀ ਪਟਿਆਲਾ ਰੇਂਜ ਨੇ ਬਰਨਾਲਾ ’ਚ ਕੀਤੀ ਚੈਕਿੰਗ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡੀਆਈਜੀ ਪਟਿਆਲਾ ਰੇਂਜ ਨੇ ਬਰਨਾਲਾ ’ਚ ਕੀਤੀ ਚੈਕਿੰਗ
Publish Date: Fri, 02 Jan 2026 06:00 PM (IST)
Updated Date: Sat, 03 Jan 2026 04:08 AM (IST)

ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ: ਡੀਆਈਜੀ ਕੁਲਦੀਪ ਸਿੰਘ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇ਼ਸ਼ਾਂ ਤਹਿਤ ਲਗਾਤਾਰ ਪੰਜਾਬ ’ਚ ਕਾਸੋ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਸ਼ੁੱਕਰਵਾਰ ਨੂੰ ਬਰਨਾਲਾ ’ਚ ਨਸ਼ਾ ਤਸਕਰੀ ਲਈ ਜਾਣੀਆਂ ਜਾਣ ਵਾਲੀਆਂ ਬਸਤੀਆਂ ’ਚ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਨੇ ਦੱਸਿਆ ਕਿ ਕਾਸੋ ਆਪ੍ਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਬੱਸ ਸਟੈਂਡ ਬਰਨਾਲਾ ਦੀ ਪਿਛਲੀ ਸਾਇਡ ਨਸ਼ਾ ਤਸਕਰੀ ਲਈ ਪ੍ਰਮੁੱਖ ਸਥਾਨਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 200 ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ। ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਅਜਿਹੇ ਅਭਿਆਨ ਸਮੇਂ-ਸਮੇਂ ਸਿਰ ਚਲਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਕੋਲੋਂ ਪੁੱਛ ਪੜ੍ਹਤਾਲ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬਰਨਾਲਾ ਪੁਲਿਸ ਵੱਲੋਂ ਕਾਸੋ ਮੁਹਿੰਮ ਤਹਿਤ ਸਮੇਂ-ਸਮੇਂ ਸਿਰ ਅਭਿਆਨ ਚਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ।