ਧੂਰੀ ਨੂੰ ਮਿਲੀ ਵੱਡੀ ਸੌਗਾਤ, 4.78 ਕਰੋੜ ਰੁਪਏ ਦੇ ਸੁੰਦਰੀਕਰਨ ਤੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ
ਧੂਰੀ ਸ਼ਹਿਰ ਨੂੰ ਮਿਲੀ ਵੱਡੀ ਸੌਗਾਤ; 4.78 ਕਰੋੜ ਰੁਪਏ ਦੇ ਸੁੰਦਰੀਕਰਨ ਤੇ ਵਿਕਾਸ ਪ੍ਰੋਜੈਕਟਾਂ ਦੀ ਹੋਈ ਸ਼ੁਰੂਆਤ
Publish Date: Wed, 28 Jan 2026 06:02 PM (IST)
Updated Date: Wed, 28 Jan 2026 06:04 PM (IST)
- ਦਾਖਲਾ ਪੁਆਇੰਟ ਬਣਨਗੇ ਸ਼ਹਿਰ ਦੀ ਨਵੀਂ ਪਛਾਣ
ਵਰਿੰਦਰ ਸਿੰਘ, ਪੰਜਾਬੀ ਜਾਗਰਣ
ਧੂਰੀ : ਮੁੱਖ ਮੰਤਰੀ ਦੇ ਓਐੱਸਡੀ ਸੁਖਵੀਰ ਸਿੰਘ ਵੱਲੋਂ ਬੁੱਧਵਾਰ ਨੂੰ ਧੂਰੀ ਹਲਕੇ ਵਿੱਚ ਕੁੱਲ 4.78 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਧੂਰੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਸੁੰਦਰੀਕਰਨ ਵੱਲ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ। ਓਐੱਸਡੀ ਸੁਖਵੀਰ ਸਿੰਘ ਨੇ ਧੂਰੀ ਦੇ ਵਾਰਡ ਨੰਬਰ 18 ਵਿਖੇ ਕਰੀਬ 47 ਲੱਖ ਰੁਪਏ ਅਤੇ ਵਾਰਡ ਨੰਬਰ 1 ਵਿਖੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਵਾਰਡਾਂ ਵਿੱਚ ਨਵੀਂ ਬਲਾਕ ਟਾਈਲਾਂ ਲਾਉਣ ਸਮੇਤ ਹੋਰ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਤਾਂ ਜੋ ਵਾਰਡ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਵਿੱਚ ਸੀਵਰੇਜ ਦੀ ਸਮੱਸਿਆ ਦੇ ਸਥਾਈ ਹੱਲ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਤੇ ਬਹੁਤ ਜਲਦੀ ਇਸ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਜਾਵੇ।
ਧੂਰੀ ਸ਼ਹਿਰ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਸਮੇਤ ਅੱਜ ਧੂਰੀ ਦੇ ਐਂਟਰੀ ਪੁਆਇੰਟਾਂ ਦੇ ਕਰੀਬ 3.61 ਕਰੋੜ ਰੁਪਏ ਨਾਲ ਹੋਣ ਵਾਲੇ ਸੁੰਦਰੀਕਰਨ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਾਲੇ ਪਾਸੇ ਤੋਂ ਧੂਰੀ ਦੇ ਮੁੱਖ ਐਂਟਰੀ ਪੁਆਇੰਟ ਦੇ ਸੁੰਦਰੀਕਰਨ ਅਤੇ ਅਪਗ੍ਰੇਡੇਸ਼ਨ ’ਤੇ ਕਰੀਬ 1.90 ਕਰੋੜ ਰੁਪਏ ਨਾਲ ਅਤੇ ਬਾਗੜੀਆਂ/ਨਾਭਾ ਵਾਲੇ ਪਾਸੇ ਤੋਂ ਧੂਰੀ ਦੇ ਐਂਟਰੀ ਪੁਆਇੰਟ ਦੇ ਸੁੰਦਰੀਕਰਨ ਅਤੇ ਅਪਗ੍ਰੇਡੇਸ਼ਨ ’ਤੇ ਕਰੀਬ 1.71 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਸ਼ਹਿਰ ਦੇ ਦਾਖ਼ਲੇ ਨੂੰ ਆਕਰਸ਼ਕ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਨਵਰ ਭਸੌੜ, ਡਾਇਰੈਕਟਰ ਲਘੂ ਉਦਯੋਗ ਨਿਗਮ ਅਨਿਲ ਮਿੱਤਲ, ਡਾਇਰੈਕਟਰ ਸ਼ੂਗਰਫੈੱਡ ਜਸਪਾਲ ਭੁੱਲਰ, ਪੁਸ਼ਪਿੰਦਰ ਸ਼ਰਮਾ, ਰਮਨਦੀਪ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਛਪਾਲ ਸਿੰਘ ਭੁੱਲਰ, ਹਰਜਿੰਦਰ ਸਿੰਘ ਕਾਂਝਲਾ, ਅਮਨਜੋਤ ਕੌਰ, ਰਾਜੀਵ ਚੌਧਰੀ, ਅਸ਼ਵਨੀ ਧੀਰ, ਸੰਦੀਪ ਤਿਆਲ, ਗਗਨ ਜਵੰਦਾ, ਵੀਰਭਾਨ, ਅਜੈਬ ਸਿੰਘ, ਬਲਜੀਤ ਕੌਰ ਅਤੇ ਸੁਖਪਾਲ ਸਿੰਘ, ਰੂਬਲ, ਰੁਪਿੰਦਰ ਭੁੱਲਰ, ਪੰਜਾਬ ਮੰਡੀ ਬੋਰਡ, ਡਾ. ਕੁਲਜੀਤ ਧਵਨ, ਹਰਪ੍ਰੀਤ ਸਿੰਘ ਮੀਮਸਾ, ਐਡਵੋਕੇਟ ਹੈਪੀ ਗਰਗ ਆਦਿ ਮੌਜੂਦ ਸਨ।