ਸਰਕਾਰੀ ਸਕੂਲਾਂ ’ਚ ਕੀਤੇ ਜਾ ਰਹੇ ਹਨ ਵਿਕਾਸਕਾਰੀ ਕੰਮ
ਸਕੂਲ ਆਫ਼ ਹੈਪੀਨਸ ਤਹਿਤ ਸਰਕਾਰੀ ਸਕੂਲਾਂ ’ਚ ਕੀਤੇ ਜਾ ਰਹੇ ਹਨ ਵਿਕਾਸਕਾਰੀ ਕੰਮ
Publish Date: Sat, 24 Jan 2026 04:37 PM (IST)
Updated Date: Sun, 25 Jan 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੀ ਮਹੱਤਵਪੂਰਨ ਯੋਜਨਾ ਸਕੂਲ ਆਫ਼ ਹੈਪੀਨੈਸ ਅਧੀਨ ਜ਼ਿਲ੍ਹਾ ਬਰਨਾਲਾ ਦੇ ਪ੍ਰਾਇਮਰੀ ਸਕੂਲਾਂ ਵਿੱਚ ਵਿਕਾਸਕਾਰੀ ਕੰਮ ਕੀਤੇ ਜਾ ਰਹੇ ਹਨ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਚੇਅਰਮੈਨ ਵਿਧਾਨ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਦੀ ਆਗਵਾਈ ਹੇਠ ਨਬਾਰਡ 29 ਅਤੇ ਨਬਾਰਡ 30 ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਠੀਕਰੀਵਾਲ ਵਿੱਚ 3 ਕਲਾਸਰੂਮ ਅਤੇ ਇੱਕ ਕੰਪਿਊਟਰ ਲੈਬ ਦਾ ਲੈਂਟਰ ਪਾਇਆ ਗਿਆ। ਉਹਨਾਂ ਦੱਸਿਆ ਕਿ ਸਕੂਲ ਆਫ਼ ਹੈਪੀਨੈਸ ਪੰਜਾਬ ਸਰਕਾਰ ਦੀ ਇੱਕ ਵਿਸ਼ੇਸ਼ ਸਿੱਖਿਆਤਮਕ ਪਹਿਲ ਹੈ, ਜਿਸ ਦਾ ਮੁੱਖ ਉਦੇਸ਼ ਸਿਰਫ਼ ਅਕਾਦਮਿਕ ਪੜ੍ਹਾਈ ਹੀ ਨਹੀਂ, ਬਲਕਿ ਵਿਦਿਆਰਥੀਆਂ ਦੀ ਸਮੁੱਚੀ ਵਿਅਕਤੀਗਤ ਵਿਕਾਸ, ਨੈਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਮਜ਼ਬੂਤ ਕਰਨਾ ਹੈ। ਇਸ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਐਸਾ ਮਾਹੌਲ ਤਿਆਰ ਕੀਤਾ ਜਾਂਦਾ ਹੈ, ਜਿੱਥੇ ਬੱਚੇ ਖੁਸ਼ੀ, ਆਤਮ-ਵਿਸ਼ਵਾਸ ਅਤੇ ਸਿਰਜਣਾਤਮਕ ਸੋਚ ਨਾਲ ਸਿੱਖ ਸਕਣ। ਇਸ ਮੌਕੇ ਹਲਕਾ ਇੰਚਾਰਜ ਚਰਨਜੀਤ ਸਿੰਘ ਤੇ ਪਿੰਡ ਦੇ ਸਰਪੰਚ ਕਿਰਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ ਸਮਾਰਟ ਬਣਾਉਣ ਲਈ ਕਈ ਵਿਕਾਸਕਾਰੀ ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਉੱਚ-ਮਿਆਰੀ ਸਿੱਖਿਆ ਦੇ ਨਾਲ-ਨਾਲ ਜੀਵਨ ਕੌਸ਼ਲ, ਟੀਮਵਰਕ, ਅਨੁਸ਼ਾਸਨ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਵਰਗੇ ਗੁਣਾਂ ਨਾਲ ਵੀ ਲੈਸ ਕਰਨਾ ਹੈ। ਇਸ ਨਾਲ ਬੱਚੇ ਨਾ ਸਿਰਫ਼ ਚੰਗੇ ਵਿਦਿਆਰਥੀ, ਸਗੋਂ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਵੀ ਬਣ ਸਕਣਗੇ। ਸਕੂਲ ਦੇ ਇੰਚਾਰਜ ਮੈਡਮ ਨਵਜੀਤ ਕੌਰ ਅਤੇ ਕਮਲਜੀਤ ਕੌਰ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਆਧੁਨਿਕ ਕਲਾਸਰੂਮ, ਡਿਜ਼ੀਟਲ ਸਿੱਖਿਆ ਸਹੂਲਤਾਂ, ਕੰਪਿਊਟਰ ਲੈਬ, ਲਾਇਬ੍ਰੇਰੀ, ਰਿਸੋਰਸ ਰੂਮ, ਕਿਚਨ-ਸ਼ੈਡ, ਸਾਫ਼-ਸੁਥਰੇ ਬਾਥਰੂਮ ਅਤੇ ਖੇਡ ਮੈਦਾਨ ਵਰਗਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਣਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਸੁਰੱਖਿਅਤ, ਪ੍ਰੇਰਣਾਦਾਇਕ ਅਤੇ ਤਕਨਾਲੋਜੀ ਨਾਲ ਜੁੜਿਆ ਹੋਇਆ ਸਿੱਖਣ ਦਾ ਮਾਹੌਲ ਮਿਲ ਸਕੇ। ਇਸ ਮੌਕੇ ਬਲਾਕ ਮਹਿਲ ਕਲਾਂ ਦੇ ਬੀਪੀਈਓ ਬਲਵੀਰ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਨਰਿੰਦਰ ਸ਼ਰਮਾ, ਹਰਜਿੰਦਰ ਸਿੰਘ ਭੱਟੀ, ਡੀਆਰਸੀ ਕੁਲਦੀਪ ਸਿੰਘ ਭੁੱਲਰ, ਸੀਐਚਟੀ ਗੁਰਗੀਤ ਸਿੰਘ ਹੈੱਡ ਟੀਚਰ ਸੁਖਬੀਰ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਮਨਪ੍ਰੀਤ ਸਿੰਘ, ਚੈਅਰਮੈਨ ਜਸਵੀਰ ਕੌਰ, ਐਸ ਐਮ ਸੀ ਮੈਂਬਰ ਗੁਰਪ੍ਰੀਤ ਸਿੰਘ ਹਾਜ਼ਰ ਸਨ।